ਸਾਮ ਦੇ ਧੁੰਧਲਕੇ ਵਿਚ

ਸ਼ਾਮ ਦੇ ਧੁੰਧਲਕੇ ਵਿੱਚ
ਕੁਝ ਧੁੰਧਲੀਆਂ ਜਿਹੀਆਂ ਯਾਦਾਂ
ਆ ਘੇਰਦੀਆਂ ਮੈਨੂੰ।
ਉੱਭਰ ਆਉਂਦੇ ਨੇ ਜ਼ਿਹਨ ਵਿੱਚ
ਕੁਝ ਕਿਰਦਾਰ ,
ਜਿਵੇਂ ਮੇਰੀ ਮਾਂ,ਨਸੀਹਤਾਂ ਦਿੰਦੀ ਹੋਈ।
ਮੇਰਾ ਪਿਉ,ਘੂਰੀਆਂ ਵੱਟਦਾ।
ਮੇਰੇ ਵੀਰ, ਲਛਮਣ ਰੇਖਾ ਵਾਹੁੰਦੇ ਹੋਏ।
ਤੇ ਸਭ ਦੇ ਵਿਚਕਾਰ ਖੜੀ ਮੈਂ
ਦੂਰ ਤੁਰੇ ਜਾਂਦੇ ਇਕ ਪਾਂਧੀ ਦੀ ਪੈੜ ਤੱਕਦੀ।
ਚਾਹੁੰਦੀ ਆ ਭੱਜ ਕੇ ਉਹਦੀ ਹਮਸਫਰ ਹੋ ਜਾਵਾਂ
ਪਰ ਨਹੀ ,ਕਿਵੇਂ ?
ਪੈਰ ਤਾਂ ਨੂੜੇ ਨੇ ਬੇੜੀਆਂ ਨੇ।
ਹੱਥ ਇੰਨੇ ਜ਼ਖ਼ਮੀ ,ਜਿਵੇਂ
ਕਿਸੇ ਨੂੰ ਤਕਦੀਰ ਦੀਆਂ ਲਕੀਰਾਂ ਵਿਚੋਂ
ਕੱਢਣ ਲਈ
ਲਕੀਰਾਂ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇ।
ਤੇ ਫਿਰ ਆਖ਼ਿਰ
ਦੂਰ ਤੁਰੇ ਜਾਂਦੇ ਪਾਂਧੀ ਦਾ ਪਰਛਾਵਾਂ ਵੀ
ਅਲੋਪ ਹੌ ਗਿਆ।
ਸ਼ਾਮ ਦੇ ਧੁੰਧਲਕੇ ਵਿੱਚ।
ਸੁਰਿੰਦਰ ਕੋਰ