#ਪੁਕਾਰ
🙏
● ਸਮੁੱਚੀ ਮਨੁੱਖਤਾ ਲਈ ਚਾਨਣਮੁਨਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ੍ਰੀਚਰਨਾਂ `ਚ ਸਮਰਪਤ ਹੈ ਇਹ ਕਵਿਤਾ ●
✍️
★ #ਪੁਕਾਰ ★
ਜਿਸ-ਜਿਸ ਜੱਪਿਆ ਨਾਮ ਜੀ
ਸੋਈ-ਸੋਈ ਉਤਰਿਆ ਪਾਰ
ਮੈਂ ਜਗਤ ਤਮਾਸ਼ਾ ਵੇਖ ਕੇ
ਨਾ ਕੁੱਝ ਕਹਿ ਸਕਾਂ
ਨਾ ਚੁੱਪ ਰਹਿ ਸਕਾਂ
ਕਰਦਾ ਹਾਂ ਇਹੋ ਪੁਕਾਰ . . . . . !
ਪਲੰਗਾਂ ਤੋਂ ਲਹਿ ਗਈ ਨਿਵਾਰ ਮੇਰੇ ਸਾਈਆਂ
ਮੰਜੇ ਕਿਸੇ ਵੀ ਰੁੱਤ ਆਉਂਦੇ ਨਹੀਂ ਬਾਹਰ ਮੇਰੇ ਸਾਈਆਂ
ਵੱਡਿਆਂ ਦਾ ਹੌਲਾ ਹੋਇਆ ਭਾਰ ਮੇਰੇ ਸਾਈਆਂ
ਖੇਤਾਂ ਨੂੰ ਖਾ ਗਈ ਵਾੜ ਮੇਰੇ ਸਾਈਆਂ
ਕੌਮ ਦੇ ਆਗੂਆਂ ਨੂੰ ਲਾਜ ਨਹੀਂ ਆਉਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਧਰਮਹੀਨ ਹੋਇਐ ਰਾਜਧਰਮ ਮੇਰੇ ਸਾਈਆਂ
ਅੱਖਾਂ ਦੀ ਲਹਿ ਗਈ ਸ਼ਰਮ ਮੇਰੇ ਸਾਈਆਂ
ਸੱਚ ਦਾ ਰਹਿ ਗਿਆ ਭਰਮ ਮੇਰੇ ਸਾਈਆਂ
ਕੂੜ ਦਾ ਬਜ਼ਾਰ ਗਰਮ ਮੇਰੇ ਸਾਈਆਂ
ਗਾਈਆਂ ਦੇ ਪੁੱਤਾਂ ਦੀ ਚੀਖ ਧੁਰਾਂ ਤਕ ਜਾਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਵਿੱਛੜ ਗਏ ਪੰਜੇ ਆਬ ਮੇਰੇ ਸਾਈਆਂ
ਕਿਤਾਬਾਂ `ਚ ਰਹਿ ਗਈ ਰਬਾਬ ਮੇਰੇ ਸਾਈਆਂ
ਮੇਲਿਆਂ ਦੀ ਰਹਿ ਗਈ ਯਾਦ ਮੇਰੇ ਸਾਈਆਂ
ਰੋਟੀ ਵਿੱਚੋਂ ਮੁੱਕਿਆ ਸੁਆਦ ਮੇਰੇ ਸਾਈਆਂ
ਪਿੰਡਿਆਂ ਦੇ ਪਸੀਨੇ ਦੀ ਮਹਿਕ ਨਹੀਂ ਭਾਉਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਕਲਮ-ਦਵਾਤ ਗਈ ਰੁੱਲ ਮੇਰੇ ਸਾਈਆਂ
ਮਾਂ ਨੂੰ ਮਾਂ-ਬੋਲੀ ਗਈ ਭੁੱਲ ਮੇਰੇ ਸਾਈਆਂ
ਰਿਸ਼ਤਿਆਂ ਦਾ ਪੈ ਗਿਆ ਮੁੱਲ ਮੇਰੇ ਸਾਈਆਂ
ਘੜਿਆਂ ਦਾ ਪਾਣੀ ਗਿਆ ਡੁੱਲ ਮੇਰੇ ਸਾਈਆਂ
ਪਰਦੇਸ ਗਿਆਂ ਦੀ ਯਾਦ ਨਹੀਂ ਸਤਾਉਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਅੱਜ ਆਪਣਾ ਧੌਣ ਫੜੇ ਮੇਰੇ ਸਾਈਆਂ
ਗੱਲ ਇੱਕ ਦੂਜੇ ਦੀ ਨਾ ਜਰੇ ਮੇਰੇ ਸਾਈਆਂ
ਦੁੱਖ ਦੁੱਖੀਆਂ ਦੇ ਕੌਣ ਹਰੇ ਮੇਰੇ ਸਾਈਆਂ
ਭੁੱਖਿਆਂ ਲਈ ਰੀਠੇ ਮੀਠੇ ਕੌਣ ਕਰੇ ਮੇਰੇ ਸਾਈਆਂ
ਨੀਲੇ-ਪੀਲੇ ਚੋਲਿਆਂ ਅੰਦਰੋਂ ਬੋਅ ਭੁੱਕੀ ਦੀ ਆਉਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਸੁਣਿਐ ਉਦੋਂ ਵੀ ਹੈ ਸਨ ਪਾਪ ਮੇਰੇ ਸਾਈਆਂ
ਤਾਹੀਓਂ ਰੋਟੀ ਵਿੱਚੋਂ ਵਗਦਾ ਸੀ ਲਹੂ ਆਪ ਮੇਰੇ ਸਾਈਆਂ
ਕੁਰਲਾਉਂਦੀ ਖ਼ਲਕਤ ਨੂੰ ਖ਼ੌਰੇ ਕਿਹੜਾ ਸੀ ਸ੍ਰਾਪ ਮੇਰੇ ਸਾਈਆਂ
ਰੱਬ ਦੇ ਦਿਲ ਨੂੰ ਕੁਰੇਦਿਆ ਸੀ ਤੂੰ ਆਪ ਮੇਰੇ ਸਾਈਆਂ
ਅੱਜ ਦੇ ਦਿਨ ਕੋਈ ਐਸੀ ਹਸਤੀ ਨਜ਼ਰ ਨਹੀਂ ਆਉਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਅੱਜ ਪੁੱਤ ਤੋਂ ਪਿਓ ਸ਼ਰਮਾਏ ਮੇਰੇ ਸਾਈਆਂ
ਜੰਮਣ ਵਾਲੀ ਨੂੰ ਧੀ ਚਿੰਘੇ ਚੜ੍ਹਾਏ ਮੇਰੇ ਸਾਈਆਂ
ਮਹਿਤਾ ਕਾਲੂ ਜੀ ਦੇ ਪੁੱਤ ਮਾਂ ਤ੍ਰਿਪਤਾ ਦੇ ਜਾਏ ਮੇਰੇ ਸਾਈਆਂ
ਭੈਣ ਨਾਨਕੀ ਦੇ ਵੀਰ ਤੈਨੂੰ ਖ਼ਲਕ ਬੁਲਾਏ ਮੇਰੇ ਸਾਈਆਂ
ਸ਼੍ਰੀਚੰਦ ਜੀ ਜੋਗੀ ਹੋ ਗਏ ਲੱਛਮੀਦਾਸ ਲੰਮੀਆਂ ਰਾਹਾਂ ਦੇ ਪਾਂਧੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . .
ਜਲ-ਥੱਲ ਹੋਇਐ ਚਾਰ-ਚੁਫੇਰੇ ਮੇਰੇ ਸਾਈਆਂ
ਜਿੰਦ ਫਸ ਗਈ ਘੁੰਮਣਘੇਰੇ ਮੇਰੇ ਸਾਈਆਂ
ਕਰਨੇਆਂ ਜਤਨ ਬਥੇਰੇ ਮੇਰੇ ਸਾਈਆਂ
ਪ੍ਰਕਾਸ਼ ਬਿਨਾ ਹੁਣ ਤੇਰੇ ਮੇਰੇ ਸਾਈਆਂ
ਇਹ ਧੁੰਦ ਦੀ ਚਾਦਰ ਮਿਟਦੀ ਨਜ਼ਰ ਨਹੀਂ ਆਉਂਦੀ
ਬਾਬਾ ! ਪਾਪ ਦੀ ਜੰਜ ਹੁਣ ਕਾਬਲੋਂ ਨਹੀਂ ਆਉਂਦੀ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨