#ਨੀਂਵੀਂ ਪਾ ਹੱਥਾਂ ਨੂੰ ਜੋੜ ਦੇ
✍
★ #ਨੀਂਵੀਂ ਪਾ ਹੱਥਾਂ ਨੂੰ ਜੋੜ ਦੇ ★
ਸੁੱਖਾਂ ਨੂੰ ਆਖ ਜੀ ਆਇਆਂ
ਦੁੱਖਾਂ ਨੂੰ ਬਾਹਰੋਂ ਮੋੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ
ਨੀਂਵੀਂ ਪਾ ਹੱਥਾਂ ਨੂੰ ਜੋੜ ਦੇ
ਗਲਵੱਕੜੀ ਪਾ ਮੇਰੇ ਗੀਤਾਂ ਨੂੰ
ਦਰਦਾਂ ਨੂੰ ਵਗਦੇ ਪਾਣੀ ਰੋਹੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ . . . . .
ਐਵੇਂ ਬੁੱਢੀ ਮਾਈ ਨਾ ਬਣਿਆ ਕਰ
ਵਗਦੀ ਵਾਅ ਅੱਗੇ ਨਾ ਤਣਿਆ ਕਰ
ਆਏ ਪ੍ਰਾਹੁਣੇ ਸਭ ਤੁਰ ਜਾਣਗੇ
ਸਨਮਾਨ ਹਰ ਰੁੱਤ ਦਾ ਤੂੰ ਜਣਿਆ ਕਰ
ਵੇਲੇ-ਵੇਲੇ ਦੀ ਲਗਦੀ ਗੱਲ ਚੰਗੀ
ਹਰ ਵੇਲੇ ਦੀਆਂ ਲੁੱਚਘੜੁੱਚੀਆਂ ਛੋੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ . . . . .
ਥਾਂ-ਥਾਂ ‘ਤੇ ਨਹੀਂ ਝੁੱਕੀਦਾ
ਮੂੰਹ ਘੁੱਟ ਕੇ ਬੰਦ ਰੱਖ ਗੁੱਥੀ ਦਾ
ਜਿਸ ਪਿੰਡ ਨਹੀਂ ਜਾਣਾ ਸੋਹਣਿਆ
ਰਸਤਾ ਨਹੀਂ ਉਸਦਾ ਪੁੱਛੀਦਾ
ਤੇਰਾ ਯਾਰ ਵਸੇਂਦਾ ਜਿਸ ਪਾਸੇ
ਓਧਰ ਨੂੰ ਬੋਤਾ ਮੋੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ . . . . .
ਸੁੱਖ ਅਜੇ ਜੇ ਆਇਆ ਨਹੀਂ
ਪੱਲੇ ਯਾਦਾਂ ਦਾ ਸਰਮਾਇਆ ਨਹੀਂ
ਉਸਨੂੰ ਚੇਤੇ ਕਰ ਸੱਜਣਾ
ਕਦੇ ਜਿਸ ਨੇ ਤੈਨੂੰ ਤਾਇਆ ਨਹੀਂ
ਤਲਾਅ ਅੱਖੀਆਂ ਦੇ ਕਰ ਖਾਲੀ
ਹੰਝੂਆਂ ਦਾ ਤੀਲਾ ਤੋੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ . . . . .
ਜਿਸ ਪਲ ਮਾਂ ਨੇ ਯੋਧਾ ਜੰਮਿਆ
ਗਲ ਗਾਤਰੇ ਨਾ ਤਿਲਕ ਸੱਜਿਆ
ਨਾ ਹੋਈਆਂ ਤੇਰੀਆਂ ਸੁੰਨਤਾਂ
ਨਾ ਕੋਈ ਤੇਰੀ ਥਾਂ ਹੈ ਮੋਇਆ
ਸਭ ਜੀਅ ਜਿਊਣਾ ਆਪੋ-ਆਪਣਾ
ਮੁੱਛਾਂ ਨੂੰ ਨਾ ਮਰੋੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ . . . . .
ਮੇਰਾ ਹੋਵੇ ਜਾਂ ਤੇਰਾ ਹੋਵੇ
ਸੁੱਖਾਂ ਭਰਿਆ ਸਵੇਰਾ ਹੋਵੇ
ਰਾਤ ਆਉਣੀ ਹੈ ਤਾਂ ਜੀਅ ਆਵੇ
ਵਿਹੜੇ ਦੁਸ਼ਮਨ ਦੇ ਨਾ ਹਨੇਰਾ ਹੋਵੇ
ਚੰਗੀ ਸੋਚ ਮਹਿਕਦੀ ਸਭ ਪਾਸੇ
ਮਾੜੀ ਸੋਚ ਨੂੰ ਰੱਬਾ ਕੋਹੜ ਦੇ
ਜੇ ਤੇਰੇ ਕੁੱਝ ਪੱਲੇ ਨਹੀਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨