#ਸੱਚ ਕੱਚ ਵਰਗਾ
✍
◆ #ਸੱਚ ਕੱਚ ਵਰਗਾ ◆
ਅੱਡੀਆਂ ਚੁੱਕ ਕੇ ਸੁੱਥਣ ਸੰਭਾਲਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . .
ਭਾਗ ਲੱਗਣ ਤੇਰੇ ਜੀਆ – ਜੰਤ ਨੂੰ
ਮਾੜਾ ਬੋਲੀਂ ਨਾ ਹੱਥੀਂ ਸਹੇੜੇ ਕੰਤ ਨੂੰ
ਜੋਬਨ ਰੁੱਤੇ ਮਚਲਦੀ ਖਿੰਡਦੀ ਲੱਖ ਭਾਵੇਂ
ਨਦੀ ਰਲ ਮਿਲਦੀ ਸਮੁੰਦਰ ਅੰਤ ਨੂੰ
ਤੈਨੂੰ ਚੁੱਭਸਣ ਕਿਰਚਾਂ ਤੇਰੇ ਸਵਾਲ ਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . .
ਭਾਂਬੜ ਵਿਛੋੜੇ ਵਾਲੇ ਦਿਲ ਦੀ ਥਾਂ ਰਾਣੀ
ਚੇਤੇ ਆਉਂਦੀਐ ਰਾਵੀ ਜੇਹਲਮ ਝਨਾਅ ਰਾਣੀ
ਜਿਨ੍ਹਾਂ ਕੰਧਾਂ ਉਸਾਰੀਆਂ ਘਰ ਅੰਦਰ
ਨਾ ਉਹ ਮਿੱਤ ਤੇ ਨਾ ਉਹ ਭਰਾ ਰਾਣੀ
ਸੀਨੇ ਲਿੱਖੀਆਂ ਸਰਹਿੰਦੀ ਹਲਾਲ ਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . .
ਅਮਨ ਚੈਨ ਸੁੱਖ ਅਕਲ ਕਿਆਰੀਆਂ
ਕਲਮਾਂ ਸੱਚ ਦੀਆਂ ਸਿਰਜਣਹਾਰੀਆਂ
ਮੌਤ ਸੱਚ ਅਖੀਰ ਆਣ ਮਿਲਸੀ
ਲੜ ਲਾਈਆਂ ਕੂੜ ਬੀਮਾਰੀਆਂ
ਗਿਰਝਾਂ ਭੁੱਖੀਆਂ ਮੁਫ਼ਤ ਦੇ ਮਾਲ ਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . .
ਔਖਿਓਂ ਔਖਾ ਕੌੜਾ ਜ਼ਹਿਰ ਵੇਲਾ
ਸ਼ਹਿਰੀਂ ਨਰਕ ਪਿੰਡ ਹੋਏ ਸ਼ਹਿਰ ਮੇਲਾ
ਅੱਖੀਆਂ ਰੋਈਆਂ ਕ੍ਰੋਪੀਆਂ ਸੁਰਖ਼ ਹੋਈਆਂ
ਸੂਰਜ ਵਲ ਕੰਡ ਸਿਖਰ ਦੁਪਹਿਰ ਵੇਲਾ
ਸੰਘਿਓਂ ਨਹੀਂ ਲੰਘਦੀਆਂ ਸੱਚ ਦੇ ਹਾਣ ਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . .
ਘਿਓ ਦੁੱਧ ਨਹੀਂ ਚਿੱਟਾ ਆਮ ਹੋਇਆ
ਨਵਾਂ ਦਿਨ ਚੜ੍ਹਦਿਆਂ ਵੇਲਾ ਸ਼ਾਮ ਹੋਇਆ
ਸ਼ਮਸ਼ਾਨ ਵੱਖੋ ਵੱਖਰੇ ਕਬਰਸਤਾਨ ਨਵੇਂ
ਅਕਾਲ ਸੱਚ ਨੂੰ ਅੰਤਮ ਸਲਾਮ ਹੋਇਆ
ਵਪਾਰੀ ਬਦਲੇ ਹੱਟੀਆਂ ਪਿਛਲੇ ਸਾਲ ਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . .
ਇਕ ਆਸ ਦਾ ਬੂਟਾ ਜਿੰਦ ਦੇ ਵਿਹੜੇ
ਹਿੰਮਤ ਉੱਦਮ ਵਿਸ਼ਵਾਸ ਹੋਰ ਵੀ ਨੇੜੇ
ਰਾਜੇ ਖਿੱਚਦੇ ਲਕੀਰਾਂ ਧਰਤ ਉੱਪਰ
ਫੁੱਲ ਦਿਲ ਵਿਚ ਖਿੜਦੇ ਕਿਹੜੇ ਕਿਹੜੇ
ਇਹ ਸਭ ਖੇਡਾਂ ਬਹੁਤ ਕਮਾਲ ਦੀਆਂ
ਅੱਗੇ ਲੰਘ ਗਈਆਂ ਤੇਰੇ ਨਾਲ ਦੀਆਂ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨