#ਸਭ ਵੇਲੇ – ਵੇਲੇ ਦੀ ਗੱਲ ਲੋਕੋ
✍
★ #ਸਭ ਵੇਲੇ – ਵੇਲੇ ਦੀ ਗੱਲ ਲੋਕੋ ★
ਉਡੀਕ ਸੀ ਕਿਹਿੜਆਂ ਦੀ ਕਿਹੜੇ ਦਿਨ ਆ ਗਏ ਨੇ
ਅੰਨਦਾਤੇ ਨੂੰ ਮੰਗਤਾ ਬਣਾ ਗਏ ਨੇ
ਮਜਬੂਰੀ ਵਾਲਾ ਫਾਹਾ ਗਲਾਂ ਵਿੱਚ ਪਾ ਗਏ ਨੇ
ਚੰਗੇ – ਮਾੜੇ ਦਿਨਾਂ ਵਾਲੀ ਖੇਡ ਖਿਡਾ ਗਏ ਨੇ
ਕਿੰਜ ਦੱਸੀਏ ਕਿਵੇਂ ਕੀ ਖੇਡ ਹੋਈ
ਸਰਦਾਰ ਸਭ ਕਰਜ਼ਾ ਮਾਫ ਕਰਾ ਗਏ ਨੇ
ਟੱਲੀ ਵਾਲਿਆਂ ਦੇ ਖੜਕ ਗਏ ਟੱਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ
ਖਸਮਾਂਖਾਣੀ ਨੇ ਖਸਮ ਵੀ ਖਾ ਲਏ ਨੇ
ਪਹਿਲੇ ਛੱਡ ਕੇ ਨਵੇਂ ਬਣਾ ਲਏ ਨੇ
ਭੁੰਜੇ ਡਿੱਗੇ ਹੋਏ ਮੋਢਿਆਂ `ਤੇ ਚਾ ਲਏ ਨੇ
ਗੀਤ ਪੁਰਾਣੇ ਨਵੇਂ ਸੁਰ ਗਾ ਲਏ ਨੇ
ਕਸਰ ਰਹੀ ਨਹੀਂ ਕੋਈ ਬਾਕੀ
ਪੱਗਾਂ ਦੇ ਰੰਗ ਵਟਾ ਲਏ ਨੇ
ਅਜੇ ਵੀ ਹੋਇਆ ਨਹੀਂ ਮਸਲਾ ਹੱਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ
ਚਿਰ ਹੋਇਐ ਨੈਣ – ਪ੍ਰਾਣ ਤਰਸਾ ਲਏ ਨੇ
ਦਿਲ ਰੋਇਆ ਤੇ ਹੰਝੂ ਵਹਾ ਲਏ ਨੇ
ਅੱਜ ਭੱਠੀਓਂ ਦਾਣੇ ਭੁਨਾ ਲਏ ਨੇ
ਝੋਲੀ ਅੱਡ ਕੇ ਬੁੱਕ ਵਿੱਚ ਪਾ ਲਏ ਨੇ
ਯਾਰਾਂ ਦੇ ਲੀੜੇ ਲੀਰੋ – ਲੀਰ ਹੋਏ
ਖਿੰਡਾਏ ਬਹੁਤੇ ਤੇ ਥੋੜੇ ਖਾ ਲਏ ਨੇ
ਸਾਡਾ ਉਹੀਓ ਪੁਰਾਣਾ ਝੱਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ
ਕਾਰੇ ਕਿਹੜੇ – ਕਿਹੜੇ ਸਾਡੇ ਨਾਲ ਹੋ ਗਏ ਨੇ
ਚੰਨ ਚੜ੍ਹਿਐ ਤੇ ਸੂਰਜ ਛੁਪੋ ਗਏ ਨੇ
ਅਸੀਂ ਭਾਵੇਂ ਚੁੱਪ ਹਾਂ ਲੋਕੀ ਖਲੋ ਗਏ ਨੇ
ਕਿਵੇਂ ਦੱਸੀਏ ਹੋਸ਼ ਸਾਡੇ ਭਉਂ ਗਏ ਨੇ
ਇਹ ਵਕਤ ਵੀ ਤੱਕਣਾ ਸੀ ਯਾਰੋ
ਮੋਢੇ ਧਰ ਕੇ ਸਿਰ ਉਹ ਰੋ ਗਏ ਨੇ
ਅੱਖੀਂ ਕਰਦੇ ਸੀ ਜਿਹੜੇ ਕਤਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ
ਪੱਲੇ ਸੱਚ ਜਿਨ੍ਹਾਂ ਦੇ ਰੁਲਦੇ ਨਹੀਂ
ਕਰਮੋਂ ਕਾਣੇ ਕਿਸੇ ਵੀ ਮੁੱਲ ਦੇ ਨਹੀਂ
ਯਾਰੋ ਯਾਰ ਪੁਰਾਣੇ ਭੁੱਲਦੇ ਨਹੀਂ
ਬਿਨ ਯਾਰਾਂ ਝੰਡੇ ਝੁੱਲਦੇ ਨਹੀਂ
ਯਾਰਾਂ ਨਾਲ ਬਹਾਰਾਂ ਨੇ
ਬਿਨ ਕੁੰਜੀਓਂ ਜੰਦਰੇ ਖੁੱਲਦੇ ਨਹੀਂ
ਚੋਰਾਂ ਦੇ ਵੱਖਰੇ ਵੱਲ – ਕੁਵੱਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ
ਸੱਸੀ ਨਾਲ ਸੜਦੇ ਹੀਰ ਨੂੰ ਗਾਉਂਦੇ ਨੇ
ਕਦੇ ਪੁੱਨੂੰ ਕਦੇ ਰਾਂਝਾ ਕਹਾਉਂਦੇ ਨੇ
ਵਾਂਗ ਮਿਰਜ਼ੇ ਖੇਹ ਪਏ ਉਡਾਉਂਦੇ ਨੇ
ਸਾਹਿਬਾਂ ਨੂੰ ਕੋਂਹਦੇ ਤੇ ਸੋਹਣੀ ਨੂੰ ਸਲਾਹੁੰਦੇ ਨੇ
ਪੁੱਠੀਆਂ ਹਵਾਵਾਂ ਵੱਗ ਰਹੀਆਂ
ਪੱਤ ਮਾਪਿਆਂ ਦੀ ਤਾਹੀਓਂ ਡੁਬਾਉਂਦੇ ਨੇ
ਅਜੀਤ ਤੇ ਜੁਝਾਰ ਨਹੀਂ ਵਿਰਸੇ ਦੇ ਮੱਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ
ਸਭ ਵੇਲੇ – ਵੇਲੇ ਦੀ ਗੱਲ ਲੋਕੋ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨