#ਮੇਰੇ ਉੱਠੀ ਕਲੇਜੇ ਪੀੜ
✍
● #ਮੇਰੇ ਉੱਠੀ ਕਲੇਜੇ ਪੀੜ ●
ਮਾਏ ਨੀ ਮਾਏ ਤੂੰ ਕਾਤਲ ਜੰਮੇਂ
ਕੋਈ ਕੋਈ ਸਚਿਆਰ
ਨਾ ਜੰਮਿਆਂ ਕੋਈ ਸਮੇਂ ਦਾ ਹਾਣੀ
ਨਾ ਕੋਈ ਘੁਮਿਆਰ
ਮਾਂ ਤੂੰ ਕਾਤਲ ਜੰੰਮੇਂ
ਜੇ ਜੰਮਿਆ ਕੋਈ ਕੱਦ ਦਾ ਉੱਚਾ
ਕਿਸ਼ਤੀ ਦੀ ਪਤਵਾਰ
ਅੱਗੇ ਪਿੱਛੇ ਸੱਜੇ ਖੱਬੇ
ਬੌਣਿਆਂ ਦੀ ਭਰਮਾਰ
ਮਾਂ ਤੂੰ ਕਾਤਲ ਜੰਮੇਂ
ਵਿਹਲਪੁਣੇ ਦੀਆਂ ਹੁੱਜਤਾਂ
ਅਨਪੜ੍ਹਤਾ ਸ਼ਿੰਗਾਰ
ਅਕਲਾਂ ਵੱਢਣ ਨਸਲਾਂ ਵੱਢਣ
ਚਿੱਟੇ ਦੀ ਤਲਵਾਰ
ਮਾਂ ਤੂੰ ਕਾਤਲ ਜੰਮੇਂ
ਬੀਜ ਬਿਗਾਨਾ ਖਾਦ ਪਰਾਈ
ਅਣਡਿੱਠੀ ਸਰਕਾਰ
ਤੇਰੀ ਹੋ ਕੇ ਤੇਰੀ ਹੈ ਨਹੀਂ
ਠੇਕੇ ਦੀ ਪੈਦਾਵਾਰ
ਮਾਂ ਤੂੰ ਕਾਤਲ ਜੰਮੇਂ
ਗੋਭੀ ਉੱਗਦੀ ਗਮਲੇ
ਅਰਬਾਂ ਖਰਬਾਂ ਦਾ ਕਾਰੋਬਾਰ
ਬੰਗਲੇ ਵਸਦੇ ਆੜ੍ਹਤੀ
ਕਿਰਸਾਨ ਸਦਾ ਲਾਚਾਰ
ਮਾਂ ਤੂੰ ਕਾਤਲ ਜੰਮੇਂ
ਹਮ ਤੁਮ ਹਰਫ਼ ਪਰਾਏ ਦਿਸਦੇ
ਮਾਂ ਬੋਲੀ ਬੀਮਾਰ
ਆਈ ਨੋ ਆਈ ਨੋ ਕੂਕਦੇ
ਵਿਰਸੇ ਦੇ ਪਹਿਰੇਦਾਰ
ਮਾਂ ਤੂੰ ਕਾਤਲ ਜੰਮੇਂ
ਖੁੰਢੀਆਂ ਕਲਮਾਂ ਕਾਲੀ ਸਿਆਹੀ
ਹਵਾਈ ਘੋੜੇ ਦੇ ਅਸਵਾਰ
ਕੱਜ ਕਸੂਤੇ ਲੱਜ ਗੁਆਚੀ
ਖੂਹੀ ਡੂੰਘੀ ਸਭਿਆਚਾਰ
ਮਾਂ ਤੂੰ ਕਾਤਲ ਜੰਮੇਂ
ਘੜੇ ਘੜਾਏ ਭਾਂਡੇ ਆ ਗਏ
ਗੁੰਮ ਗਏ ਠਠਿਆਰ
ਸੱਚ ਸੋਨੇ ਦੇ ਕੱਲ ਸੀ ਗਾਹਕ
ਅੱਜ ਵਿਕਦੇ ਬਾਜ਼ਾਰ
ਮਾਂ ਤੂੰ ਕਾਤਲ ਜੰਮੇਂ
ਕੁਫ਼ਰ ਤੋਲਦੇ ਅੱਜ ਟੀ ਵੀ
ਵਿਸ ਘੋਲਣ ਅਖਬਾਰ
ਚੱਜੋਂ ਭੈੜੀ ਫੱਤੋ ਦੇ
ਭੈੜੇ ਭੈੜੇ ਯਾਰ
ਮਾਂ ਤੂੰ ਕਾਤਲ ਜੰਮੇਂ
ਮੇਰੇ ਉੱਠੀ ਕਲੇਜੇ ਪੀੜ
ਅੱਖਰ ਰੋਂਦੇ ਜ਼ਾਰੋ ਜ਼ਾਰ
ਕਿਹੜੇ ਪਾਸੇ ਦਾ ਤੂੰ ਕਵੀ
ਤੈਨੂੰ ਕੌਣ ਕਹੇ ਕਲਮਕਾਰ
ਕੌਣ ਭੰਨੇ ਤੇਰਾ ਮਚਲ ਨੀਂਦ ਨੂੰ ਝੰਮੇਂ
ਮਾਂ ਤੂੰ ਕਾਤਲ ਜੰਮੇਂ
ਬੁੱਝੇ ਕੌਣ ਬੁਝਾਰਤਾਂ
ਤੂੰਬੀ ਦੀ ਟੁੱਟੀ ਤਾਰ
ਵੰਝਲੀ ਗਈ ਗੁਆਚ ਨੀ ਮਾਏ
ਅਸਾਂ ਵੰਡ ਲਏ ਤਿਉਹਾਰ
ਗਰੀਬਾਂ ਰੱਖੇ ਰੋਜੜੇ ਦਿਨ ਹੋਏ ਲੰਮੇਂ
ਮਾਏ ਨੀ ਮਾਏ ਤੂੰ ਕਾਤਲ ਜੰਮੇਂ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨