#ਜੇ ਮੈਂ ਆਖਾਂ ਨਹੀਂ ਜਾਣਾ
✍
★ #ਜੇ ਮੈਂ ਆਖਾਂ ਨਹੀਂ ਜਾਣਾ ★
ਜੇ ਮੈਂ ਆਖਾਂ ਨਹੀਂ ਜਾਣਾ
ਤੂੰ ਨਾਂਹ ਨਾ ਜਾਣੀਂ
ਨਾ ਵੇਖੀਂ ਤੂੰ ਹੱਥ ਜੁੜੇ
ਨਾ ਅੱਖੀਆਂ ਦਾ ਪਾਣੀ
ਜੇ ਮੈਂ ਆਖਾਂ ਨਹੀਂ ਜਾਣਾ . . . . .
ਸਖੀਆਂ ਸਹੇਲੀਆਂ ਦੋ-ਚਾਰ ਦਿਹਾੜੇ
ਪੇਕੀਂ ਮਨ ਪਰਚਾਉਂਦੀਆਂ
ਨਵੀਂ ਰੁੱਤ ਦੇ ਗੀਤ ਨਵੇਂ ਸਭ
ਕੰਤ ਸੰਗ ਰਲ ਗਾਉਂਦੀਆਂ
ਬਾਗੀਂ ਕੂਕਣ ਮੋਰ ਪਪੀਹੇ
ਭਗਤਾਂ ਦੇ ਮਨ ਬਾਣੀ
ਪਾਣੀ ਵਗਦਾ ਨਦੀਆਂ ਨਹਿਰਾਂ
ਘਰ ਦੇ ਅੰਦਰ ਹਾਣੀ
ਜੇ ਮੈਂ ਆਖਾਂ ਨਹੀਂ ਜਾਣਾ . . . . .
ਵੀਰ ਮੇਰੇ ਨਾਲ ਲੱਡੂਆਂ ਵਰਗੀਆਂ
ਏਧਰ-ਓਧਰ ਦੀਆਂ ਭੋਰੀਂ
ਜਦ ਅਸਮਾਨੀਂ ਤਾਰਾ ਚਮਕੇ
ਕਿਵੇਂ ਆਇਆ ਗੱਲ ਤੋਰੀਂ
ਸੱਸ ਤੇਰੀ ਮੁਟਿਆਰ ਸੀ ਹੁੰਦੀ
ਨਿਰੀ ਗਾਂ ਨਾ ਜਾਣੀਂ
ਬਾਬੁਲ ਮੇਰਾ ਤੇਰੇ ਵਰਗਾ
ਭੋਲਾ ਸੱਚਾ ਪ੍ਰਾਣੀ
ਜੇ ਮੈਂ ਆਖਾਂ ਨਹੀਂ ਜਾਣਾ . . . . .
ਆਖੀਂ ਭੈਣ ਮੇਰੀ ਰੁੱਸ-ਰੁੱਸ ਬਹਿੰਦੀ
ਕੌਣ ਲਾਡ ਲਡਾਵੇ
ਨਾ ਕਰਾਉਂਦੀ ਕੰਘੀਆਂ-ਪੱਟੀਆਂ
ਪੜ੍ਹਨੇ ਨੂੰ ਨਾ ਜਾਵੇ
ਜੇਕਰ ਖੁੰਝਿਆ ਸਾਲ ਭਲੀ ਦਾ
ਬਿਨ ਵਿਦਿਆ ਹੋਸੀ ਕਾਣੀ
ਉਸ ਜੋਗਾ ਕੋਈ ਕਾਣਾ ਲੱਭਸੀ
ਚਾਦਰ ਅੱਧੋਰਾਣੀ
ਜੇ ਮੈਂ ਆਖਾਂ ਨਹੀਂ ਜਾਣਾ . . . . .
ਸਿਖਰ ਦੁਪਹਿਰੀਂ ਮੰਜੀਆਂ ਡਾਹ ਕੇ
ਦਰੀਆਂ-ਚਾਦਰਾਂ ਵਿਛਾਵੇ
ਸਰ੍ਹੋਂ ਦਾ ਸਾਗ ਮੇਰੀ ਮਾਤਾ ਧਰਿਆ
ਆਲਣ ਬੂਰੇ ਦਾ ਪਾਵੇ
ਖਾਣਾ-ਪੀਣਾ ਭੁੱਲ ਗਏ ਹਾਂ
ਭੁੱਲ ਗਈ ਕਿਰਸਾਣੀ
ਤਨ ਬੀਤੀ ਸਭ ਸੁਣ ਲਓ ਜੀ
ਹੈ ਨਹੀਂ ਕੋਈ ਕਹਾਣੀ
ਜੇ ਮੈਂ ਆਖਾਂ ਨਹੀਂ ਜਾਣਾ . . . . .
ਬਾਪੂ ਜੀ ਹੁਣ ਡਾਂਗ ਨਹੀਂ ਫੜਦੇ
ਨਾ ਉਹ ਜਾਂਦੇ ਪੈਲੀਆਂ
ਦੂਰ-ਦੂਰ ਕੁੱਝ ਲੱਭਦੇ ਰਹਿੰਦੇ
ਅੱਖਾਂ ਜਾਪਣ ਮੈਲੀਆਂ
ਅਖੇ ਕੌਣ ਲੱਗਸੀ ਪਿੱਠ ਮੇਰੀ ਨੂੰ
ਕਿਸ ਠੰਡ ਕਲੇਜੇ ਪਾਉਣੀ
ਮੈਂਨੂੰ ਘੱਲਿਐ ਜਾ ਛੇਤੀ ਤੁਰ ਜਾ
ਲੈ ਕੇ ਆ ਨੂੰਹ ਰਾਣੀ
ਜੇ ਮੈਂ ਆਖਾਂ ਨਹੀਂ ਜਾਣਾ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨