ਉਂਗਲੀਆਂ ਉਠਦੀਆਂ ਨੇ
ਉਂਗਲੀਆਂ ਉਠਦੀਆਂ ਨੇ ਮੇਰੇ ਖੰਭ ਖਿਲਾਰਨ ਤੇ ਕਿਉਂ
ਜ਼ੁਬਾਨਾਂ ਖਾਮੋਸ਼ ਨੇ ਮੇਰੇ ਜ਼ੁਲਮ ਸਹਾਰਨ ਤੇ ਕਿਉਂ।
ਕਿਉਂ ਜਦੋਂ ਵੀ ਮੈਂ ਨਵੀਂ ਪੁਲਾਂਘ ਚਾਹੀ ਹੈ ਪੁੱਟਣੀ।
ਮੈਨੂੰ ਲਾ ਦਿੱਤਾ ਗਿਆ ਵਿਹੜਾ ਬੁਹਾਰਨ ਤੇ ਕਿਉਂ।
ਕਿਉਂ ਮੇਰੇ ਨਾਮ ਦੀ ਤਖ਼ਤੀ ਉਸ ਘਰ ਤੇ ਨਹੀਂ
ਫੇਰ ਮੈਨੂੰ ਰੱਖਿਆ ਗਿਆ ਉਸਨੂੰ ਸੰਵਾਰਨ ਤੇ ਕਿਉਂ।
ਕਿਉਂ ਮੇਰੇ ਲਈ ਪਰਦਾ ,ਤੇ ਬੰਦ ਬੂਹੇ ਬਾਰੀਆਂ
ਮਰਦ ਨੂੰ ਮੱਤ ਦਿੱਤੀ ਨਹੀਂ ਮੈਨੂੰ ਤਾੜਨ ਤੇ ਕਿਉਂ।
ਔਲਾਦ ਸਾਂਭੀ,ਘਰਬਾਰ ਸਾਂਭਿਆ ,ਸਾਂਭੇ ਮਾਂ ਬਾਪ
ਵਕਤ ਹੀ ਨਹੀਂ ਦਿੱਤਾ ਗਿਆ ਮੈਨੂੰ ਖ਼ੁਦ ਨੂੰ ਸ਼ਿੰਗਾਰਨ ਤੇ ਕਿਉਂ।
ਸੁਰਿੰਦਰ ਕੌਰ