Sahityapedia
Sign in
Home
Your Posts
QuoteWriter
Account
2 Jul 2024 · 1 min read

#ਹੁਣ ਦੁਨੀਆ 'ਚ ਕੀ ਰੱਖਿਐ

★ #ਹੁਣ ਦੁਨੀਆ ‘ਚ ਕੀ ਰੱਖਿਐ ★

ਦਿਲ ਲੈ ਕੇ ਪਰਤ ਗਈ ਤੂੰ
ਹੁਣ ਦੁਨੀਆ ‘ਚ ਕੀ ਰੱਖਿਐ
ਇਸ਼ਕ ਬਲਾ ਸਾਨੂੰ ਪਿੰਜ ਸੁੱਟਿਆ
ਜਿਵੇਂ ਪੇਂਜਾ ਪਿੰਜਦਾ ਏ ਰੂੰ
ਹੁਣ ਦੁਨੀਆ ‘ਚ ਕੀ ਰੱਖਿਐ
ਹੁਣ ਦੁਨੀਆ ‘ਚ ਕੀ ਰੱਖਿਐ . . .

ਫੁੱਲਾਂ ਨਾਲੋਂ ਰੰਗ ਕਦੇ ਹੁੰਦਾ ਨਹੀਂ ਵੱਖ ਨੀਂ
ਸੱਚੇ-ਸੁੱਚੇ ਪਿਆਰ ਨੂੰ ਸੀਨੇ ਵਿੱਚ ਰੱਖ ਨੀਂ
ਲਾ ਕੇ ਅੱਖ ਅੱਖ ਪਰਤਾਉਣੀ ਨਹੀਂ ਚਾਹੀਦੀ
ਹਾਸੇ-ਹਾਸੇ ਝੂਠੀ ਸਹੁੰ ਖਾਣੀ ਨਹੀਂ ਚਾਹੀਦੀ
ਦੇਖ ਤੇਰੇ ਚੱਜ ਮੇਰਾ ਹੋ ਗਿਆ ਰੱਜ
ਤੇਰੇ ਕੰਨੀਂ ਨਾ ਫਿਰਦੀ ਜੂੰ
ਹੁਣ ਦੁਨੀਆ ‘ਚ ਕੀ ਰੱਖਿਐ . . .

ਤੂੰ ਦੀਵਾ ਕਦੇ ਬਾਲ ਕੇ ਬਨੇਰੇ ਨਹੀਂ ਧਰਿਆ
ਖੂਹ ਉੱਤੇ ਜਾ ਕੇ ਪਾਣੀ ਵੀ ਨਹੀਂ ਭਰਿਆ
ਬਿਜਲੀ ਦੇ ਲਾਟੂਆਂ ਨੇ ਸੌਖ ਕਰ ਛੱਡੀਐ
ਘਰ-ਘਰ ਟੂਟੀਆਂ ਨੇ ਸਾਰੀ ਔਖ ਵੱਢੀਐ
ਜਿਨ੍ਹਾਂ ਖਾਧੀ ਮਾਰ ਨਾਲੇ ਹੋਏ ਨੇ ਬੀਮਾਰ
ਵੈਰਨੇ ! ਮੁੱਲ ਨਹੀਂ ਪਾਇਆ ਤੂੰ
ਹੁਣ ਦੁਨੀਆ ‘ਚ ਕੀ ਰੱਖਿਐ . . .

ੳ ਅ ੲ ਸ ਤਕ ਤੇਰਾ ਕੰਮ ਗਿਆ ਮੁੱਕ ਨੀਂ
ਪਹਿਲੇ ਪਹਿਰ ਡੰਡਾ ਡੋਰੀ ਲਿਆ ਤੂੰ ਚੁੱਕ ਨੀਂ
ਪਿਆਰ ਦੇ ਪਹਾੜੇ ਅਜੇ ਯਾਦ ਤੈਨੂੰ ਹੋਏ ਨਹੀਂ
ਉਹ ਕਾਹਦੇ ਪਾੜ੍ਹੂ ਜਿਹੜੇ ਕਦੇ ਰੋਏ ਨਹੀਂ
ਪਿਆਰ ਵਾਲਾ ਪਾਠ ਝੂਠੇ ਕਰੇ ਸਭ ਠਾਠ
ਬੰਦਾ ਕਰ ਨਹੀਂ ਸਕਦਾ ਚੂੰ
ਹੁਣ ਦੁਨੀਆ ‘ਚ ਕੀ ਰੱਖਿਐ . . .

ਇੱਕ ਵਾਰੀ ਫੇਰ ਤੂੰ ਸੋਚ ਜ਼ਰਾ ਹਾਨਣੇ
ਜਵਾਨੀ ਗਈ ਲੰਘ ਤਾਂ ਸੁੱਖ ਕਦੋਂ ਮਾਨਣੇ
ਹੋਈ-ਬੀਤੀ ਨੂੰ ਦਿਲ ‘ਤੇ ਲਾਈਦਾ ਨਹੀਂ
ਗੱਲਾਂ-ਬਾਤਾਂ ਵਾਲਾ ਬੋਝ ਮੋਢਿਆਂ ‘ਤੇ ਚਾਈਦਾ ਨਹੀਂ
ਸੱਚਾ ਰੱਬ ਕਰੇ ਖ਼ੈਰ ਮੋੜ ਪਿੱਛੇ ਵਲ ਪੈਰ
ਨਹੀਂ ਕੋਈ ਕਾਰਾ ਨਵਾਂ ਕਰੂੰ
ਹੁਣ ਦੁਨੀਆ ‘ਚ ਕੀ ਰੱਖਿਐ . . . !

#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨

Loading...