#ਸੰਤਸਮਾਧੀ
✍️ (ਕਹਾਣੀ)
● #ਸੰਤਸਮਾਧੀ ●
“ਕੋਈ ਭੈਣ-ਭਰਾ ਆ ਜਾਏ, ਕੋਈ ਰਿਸ਼ਤੇਦਾਰ ਆ ਜਾਏ, ਨਾ ਤੂੰ ਕੋਲ ਖੜਨ ਜੋਗਾ ਨਾ ਬਹਿਣ ਜੋਗਾ। ਸੁਣਦਾ ਤੈਨੂੰ ਨਹੀਂ, ਦਿਸਦਾ ਤੈਨੂੰ ਨਹੀਂ। ਵੇ ਤੂੰ ਸੁੱਤਾ ਸੌਂ ਕਿਉਂ ਨਹੀਂ ਜਾਂਦਾ। ਸਾਡੇ ਹੱਥੋਂ ਜਰੂਰ ਪਾਪ ਕਰਵਾਏਂਗਾ।”
“ਕਾਹਨੂੰ ਕਲਪੀ ਜਾਨੀਐਂ ਮਾਤਾ, ਅੱਗੇ ਕਦੇ ਅਸਰ ਹੋਇਐ ਜਿਹੜਾ ਅੱਜ ਹੋਜੂ”, ਕੁਲਦੀਪ ਨੇ ਅੰਦਰ ਵੜਦਿਆਂ ਕਿਹਾ।
“ਵੇ ਕਲਪਾਂ ਨਾ ਤਾਂ ਕੀ ਕਰਾਂ? ਹੁਣੇ ਕੋਈ ਚੇਲਾ-ਚਮਚਾ ਤੁਰਿਆ ਆਊ, ਅਖੇ ਚਾਚਾ ਜੀ ਮੇਰਾ ਫਾਰਮ ਭਰਵਾ ਦਿਓ, ਅਖੇ ਤਾਇਆ ਜੀ, ਬਿਜਲੀ ਬੋਰਡ ਨੂੰ ਅਰਜੀ ਲਿਖਵਾ ਦਿਓ, ਅਖੇ ਮਾਸਟਰ ਜੀ. . .! ਫੇਰ ਵੇਖੀਂ ਕਿਵੇਂ ਕਪਾਹ ਦੇ ਫੁੱਲ ਵਾਂਗ ਖਿੜਦੈ। ਚਾਹ ਬਣਾ-ਬਣਾ ਅਸੀਂ ਹੰਭ ਜਾਨੇਆਂ, ਇਹ ਨਹੀਂ ਥੱਕਦਾ।”
“ਤੁਸੀਂ ਨਾ ਬਣਾਇਆ ਕਰੋ ਬਹੁਤੀ ਚਾਹ।”
“ਵੇ ਕਿਵੇਂ ਨਾ ਬਣਾਈਏ, ਇਹਨੂੰ ਤਾਂ ਲੱਥੀ-ਚੜ੍ਹੀ ਦੀ ਹੈ ਨਹੀਂ, ਅਸੀਂ ਵੀ ਜਗ-ਜਗਤਾਰ ਦੀ ਲੱਜ ਲਾਹ ਛੱਡੀਏ।” ਕੁਲਦੀਪ ਦੀ ਮਾਤਾ ਬਹੁਤੀ ਔਖੀ ਜਾਪਦੀ ਸੀ। ਏਨੇ ਨੂੰ ਬਾਹਰੋਂ ਰੌਲੇ ਦੀ ਅਵਾਜ ਆਈ, “ਵੇ ਆਹ ਸ਼ੋਰ-ਸ਼ਰਾਬਾ ਕਾਹਦੈ ਬਾਹਰ?”
“ਮਿਉਂਸਪਲ ਕਮੇਟੀ ਵਾਲੇ ਦਰੱਖਤ ਵੱਢਣ ਆਏ ਨੇ ਮਾਤਾ।”
“ਫਿਟੇਮੂੰਹ ਔਤਰਿਆਂ ਦੇ, ਨਾ ਇਹਨਾਂ ਨੂੰ ਅਕਲ ਨਾ ਮੌਤ।” ਬੂਹੇ ਪਿੱਛੋਂ ਖੂੰਡੀ ਚੱਕ ਕੇ ਬਾਹਰ ਨਿਕਲਦੀ ਮਾਤਾ ਨੇ ਲਲਕਾਰਾ ਛੱਡਿਆ, “ਕਿਹੜਾ ਜੰਮਿਐ ਮਾਂ ਦਾ ਪੁੱਤ ਜਿਹੜਾ ਦਰੱਖਤ ਨੂੰ ਹੱਥ ਲਾ ਜਾਏ।”
“ਮਾਤਾ ਜੀ ਇਹਨੂੰ ਕਿਹੜਾ ਹੁਣ ਅੰਬ ਲਗਦੇ ਨੇ।” ਇਕ ਬੋਲਿਆ।
“ਘਰੇ ਤੇਰਾ ਪਿਓ-ਦਾਦਾ ਬੈਠਾ ਹੋਊ, ਪਹਿਲਾਂ ਉਹਨੂੰ ਵੱਢਕੇ ਆ, ਫੇਰ ਹੱਥ ਲਾਈਂ ਦਰੱਖਤ ਨੂੰ।”
“ਮਾਤਾ ਜੀ, ਸੜਕ ਦੇ ਵਿਚਕਾਰ ਖੜ੍ਹਿਐ, ਟ੍ਰੈਫਿਕ ਰੋਕਦੈ, ਤੁਹਾਨੂੰ ਸੌਖ ਹੋ ਜਾਊ।”
“ਸੜਕ ਬਾਅਦ ਵਿਚ ਬਣੀ, ਵੱਸੋਂ ਬਾਅਦ ਵਿਚ ਹੋਈ, ਇਹ ਪਹਿਲਾਂ ਦਾ ਖੜ੍ਹਿਐ।”
“ਮਾਤਾ ਜੀ, ਹੁਣ ਇਹਦਾ ਆਸਰਾ ਕੀ ਐ, ਕੀ ਦਿੰਦੈ ਇਹ ਬੁੜ੍ਹਾ ਹੁਣ।”
“ਵੇ ਛਾਂਅ ਤਾਂ ਦਿੰਦੈ, ਜੇਠ-ਹਾੜ ਦੀ ਤੱਤੀ ਵਾਅ ‘ਚ ਭੋਰਾ ਠੰਡ ਤਾਂ ਰਲਾਉਂਦੈ। ਚੇਤਰ-ਅੱਸੂ ਦੇ ਨਰਾਤੇ ਹੋਣ ਜਾਂ ਕਿਸੇ ਨੇ ਘਰੇ ਕੋਈ ਹਵਨ ਕੀਰਤਨ ਧਰਿਆ ਹੋਵੇ, ਦੂਰੋਂ-ਦੂਰੋਂ ਲੋਕੀ ਅੰਬ ਦੇ ਪੱਤੇ ਲੈਣ ਇੱਥੇ ਹੀ ਆਉਂਦੇ ਨੇ।”
“ਮਾਤਾ ਜੀ, ਧਿਆਨ ਨਾਲ ਵੇਖੋ, ਇਸ ਦੀਆਂ ਜੜ੍ਹਾਂ ਕਿਵੇਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਨੇ। ਅਸੀਂ ਅੱਜ ਪਰਤ ਵੀ ਗਏ ਤਾਂ ਇਹਨੇ ਆਪੇ ਡਿੱਗ ਜਾਣੈ। ਬਸ ਕੁੱਝ ਦਿਨਾਂ ਦੀ ਖੇਡ ਐ।”
“ਜੜ੍ਹਾਂ ਇਸ ਲਈ ਸੁੱਕ ਰਹੀਆਂ ਨੇ ਕਿ ਸੜਕ ਇਹਦੇ ਉੱਪਰ ਚੜ੍ਹਨ ਨੂੰ ਫਿਰਦੀਐ। ਬਾਕੀ ਰਹੀ ਗੱਲ ਇਸਦੇ ਆਪਣੇ ਆਪ ਡਿੱਗਣ ਦੀ, ਤਾਂ ਜਿੱਦਣ ਡਿੱਗੇਗਾ ਅਸੀਂ ਇੱਥੇ ਇਸਦੀ ਸਮਾਧ ਬਣਾਵਾਂਗੇ। ਆਉਂਦਾ ਜਾਂਦਾ ਨਿਉਂਕੇ ਲੰਘੂਗਾ ਵੱਡ-ਵਡੇਰੇ ਅੱਗੇ।”
“ਮਾਤਾ ਜੀ, ਵੇਖ ਲਓ ਸਰਕਾਰੀ ਕੰਮ ਐ, ਅਸੀਂ ਤਾਂ ਸਰਕਾਰੀ ਨੌਕਰ ਹਾਂ। ਅਸੀਂ ਮੁੜ ਗਏ ਤਾਂ ਕੋਈ ਹੋਰ ਆ ਜਾਊ।”
“ਵੇ ਸਰਕਾਰ ਕੌਣ ਐ? ਅਸੀਂ ਹਾਂ ਸਰਕਾਰ”, ਉਹਨੂੰ ਲਾਜਵਾਬ ਕਰਦਿਆਂ ਮਾਤਾ ਆਂਢਣਾ-ਗੁਆਂਢਣਾ ਨੂੰ ਵਾਜਾਂ ਮਰਨ ਲਗ ਪਈ, “ਨੀ ਪ੍ਰੀਤੋ, ਕਮਲਾ, ਸੋਨੀਆ, ਨੀ ਸੁਰਜੀਤੇ ਦੀਏ, ਨੀ ਆ ਜਾਓ ਬਾਹਰ ਅੰਬ ਹੇਠਾਂ ਵਿਛਾ ਲਓ ਮੰਜੇ! ਨੀ ਲੋਕਸਰਕਾਰ ਦਾ ਹੁਕਮ ਐ! ਵੇ ਕੁਲਦੀਪ, ਮੇਰੀ ਕੁਰਸੀ ਚੁੱਕ ਕੇ ਲਿਆ ਅੰਦਰੋਂ।” ਅੰਬ ਦੇ ਹੇਠਾਂ ਮੇਲਾ ਭਰਦਾ ਜਾ ਰਿਹਾ ਸੀ। ਉਸੇ ਵੇਲੇ ਮਿਉਂਸਪਲ ਕਮੇਟੀ ਦੇ ਕਾਮਿਆਂ ਦਾ ਆਗੂ ਕੁਲਦੀਪ ਦੇ ਨੇੜੇ ਆ ਗਿਆ ਜਿਹੜਾ ਆਪਣੇ ਦਰਾਂ ਮੂਹਰੇ ਖੜ੍ਹਿਆ ਸੀ।
ਕੁਲਦੀਪ ਨੇ ਹੁਣ ਪਛਾਣਿਆ ਕਿ ਇਹ ਤਾਂ ਸਾਡੇ ਸਕੂਲ ਵਿਚ ਮੇਰੇ ਤੋਂ ਦੋ ਜਮਾਤਾਂ ਅੱਗੇ ਹੁੰਦਾ ਸੀ। ਉਸਨੇ ਕੋਲ ਆ ਕੇ ਕੁਲਦੀਪ ਦੇ ਮੋਢੇ ‘ਤੇ ਹੱਥ ਧਰਿਆ, “ਪਛਾਣਿਆ ਮੈਨੂੰ?”
“ਜੀ ਹਾਂ, ਤੁਸੀਂ ਦਸਵੀਂ ਪਾਸ ਕਰਕੇ ਜਦ ਦੂਜੇ ਸਕੂਲ ਚਲੇ ਗਏ ਉਸ ਤੋਂ ਬਾਅਦ ਅੱਜ ਦੇਖਿਐ ਤੁਹਾਨੂੰ। ਦੋ ਸਾਲ ਪਿੱਛੇ ਸੀ ਮੈਂ ਤੁਹਾਡੇ ਤੋਂ। ਸਕੂਲ ਸਾਡਾ ਦਸਵੀਂ ਤਕ ਹੀ ਹੁੰਦਾ ਸੀ ਉਸ ਵੇਲੇ। ਜਦ ਮੈਂ ਅਗਲੇ ਸਕੂਲ ਪਹੁੰਚਿਆ, ਤਦ ਤੁਸੀਂ ਉਥੋਂ ਵੀ ਜਾ ਚੁਕੇ ਸੀ। ਕਿਸੇ ਕਾਲਜ ਜਾਂ ਕਿਤੇ ਹੋਰ।”
“ਮਾਸਟਰ ਜੀ ਹੈਗੇਆ?” ਉਸਨੇ ਮੇਰੇ ਮੋਢੇ ਨੂੰ ਹੌਲੀ ਜਿਹਾ ਦਬਾਉਂਦੇ ਹੋਏ ਪੁੱਛਿਆ।
ਕੁਲਦੀਪ ਨੇ ਸੋਚਿਆ, ਇਕ ਹੋਰ ਆ ਗਿਆ ਮਾਸਟਰ ਜੀ ਦਾ ਚੇਲਾ। ਇਹ ਅੰਦਰ ਜਾਊਗਾ ਤਾਂ ਮਾਤਾ ਫੇਰ ਚਾਹ ਦੀ ਪਤੀਲੀ ਚੁੱਲ੍ਹੇ ਧਰੂਗੀ ਅਤੇ ਫੇਰ ਕਲਪੇਗੀ। ਇਸ ਲਈ ਅਚਾਨਕ ਉਸਦੇ ਮੂੰਹੋਂ ਨਿਕਲਿਆ, “ਨਹੀਂ।”
ਉਸਨੇ ਪਤਾ ਨਹੀਂ ਕੀ ਸਮਝਿਆ। ਦੂਜਾ ਹੱਥ ਕੁਲਦੀਪ ਦੇ ਦੂਜੇ ਮੋਢੇ ‘ਤੇ ਧਰਦਿਆਂ ਹੌਲੀ ਜਿਹਾ ਬੋਲਿਆ, “ਤੇਰਾ ਨਾਂਅ ਕੁਲਦੀਪ ਹੈ ਨਾ?” ਉਸ ਦੀਆਂ ਅੱਖਾਂ ਗਿੱਲੀਆਂ ਹੁੰਦੀਆਂ ਜਾ ਰਹੀਆਂ ਸਨ।
“ਹਾਂ ਜੀ।” ਕੁਲਦੀਪ ਬੋਲਿਆ।
“ਕੁਲਦੀਪ, ਮੇਰੇ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ ਸੀ। ਉਹ ਕਈ ਮਹੀਨਿਆਂ ਤੋਂ ਮੰਜੇ ‘ਤੇ ਹੀ ਸਨ। ਰਿਸ਼ਤੇਦਾਰਾਂ ਤੇ ਭੈਣ-ਭਰਾਵਾਂ ਦੀ ਮਦਦ ਵੀ ਰੁਕ ਗਈ ਸੀ। ਲੋਕ ਮੇਰੀ ਮਾਤਾ ਨੂੰ ਆਖਦੇ, ਮੁੰਡੇ ਨੂੰ ਕਿਸੇ ਥਾਂ ਨੌਕਰ ਰਖਾ ਦਿਓ ਤਾਂ ਜੋ ਘਰ ਦਾ ਖਰਚਾ ਤਾਂ ਚੱਲੇ।
“ਪ੍ਰੰਤੂ, ਮੈਂ ਤੇ ਮੇਰੀ ਮਾਤਾ, ਅਸੀਂ ਚਾਹੁੰਦੇ ਸਾਂ ਕਿ ਘੱਟੋ ਘੱਟ ਦਸਵੀਂ ਤਾਂ ਕਰ ਲੈਣੀ ਚਾਹੀਦੀਐ।
“ਉਸ ਦਿਨ ਸਲਾਨਾ ਪੇਪਰ ਦਾ ਦਾਖਲਾ ਭਰਨ ਦੀ ਆਖਰੀ ਤ੍ਰੀਕ ਸੀ। ਮੇਰੇ ਕਲਾਸ ਇੰਚਾਰਜ ਆਖ ਰਹੇ ਸਨ, “ਬੇਟਾ, ਤੇਰਾ ਦਾਖਲਾ ਤਾਂ ਮੈਂ ਭਰ ਦੇਨਾਂ ਪ੍ਰੰਤੂ, ਤੇਰੀ ਕਈ ਮਹੀਨਿਆਂ ਦੀ ਫੀਸ ਬਾਕੀ ਐ। ਤੈਨੂੰ ਮਾਲਕਾਂ ਨੇ ਪੇਪਰਾਂ ‘ਚ ਨਹੀਂ ਬੈਠਨ ਦੇਣਾ”, ਏਨੇ ਨੂੰ ਅਧਿਆਪਕ ਨੂੰ ਕਿਸੇ ਨੇ ਵਾਜ ਮਾਰ ਲਈ ਅਤੇ ਮਾਸਟਰ ਜੀ, ਤੇਰੇ ਪਿਤਾ ਜੀ, ਜੋ ਕਿ ਨੇੜੇ ਖੜ੍ਹੇ ਸਭ ਸੁਣ ਰਹੇ ਸਨ, ਮੇਰੇ ਹੋਰ ਨੇੜੇ ਹੋ ਕੇ ਬੋਲੇ, “ਪੁੱਤ ਤੇਰਾ ਸਾਰਾ ਰੋਗ ਕੱਟਿਆ ਜਾਊ ਪਰ ਇਕ ਸ਼ਰਤ ਹੈ।”
“ਜੀ, ਉਹ ਕੀ?” ਮੈਂ ਪੁੱਛਿਆ।
“ਤੂੰ ਕਿਸੇ ਅੱਗੇ ਮੇਰਾ ਨਾਂਅ ਨਹੀਂ ਲਵੇਂਗਾ।”
“ਜੀ, ਨਹੀਂ ਲਵਾਂਗਾ।”
ਮਾਸਟਰ ਜੀ ਨੇ ਮੇਰੇ ਪਿੱਛਲੇ ਸਾਰੇ ਬਕਾਇਆ ਚੁਕਾ ਦਿੱਤੇ। ਦਸਵੀਂ ਪਾਸ ਕਰਨ ਤੋਂ ਬਾਅਦ ਮੈਨੂੰ ਅਗਲੇ ਸਕੂਲ ‘ਚ ਦਾਖਲਾ ਵੀ ਦਵਾਇਆ। ਮੇਰੀ ਫੀਸ ਮੁਆਫ ਕਰਵਾਈ। ਸਕੂਲ ਦੇ ਪ੍ਰਿੰਸੀਪਲ ਨੂੰ ਕਹਿਣ ਲੱਗੇ, “ਇਹ ਮੁੰਡਾ ਇਕ ਦਿਨ ਅਫਸਰ ਬਣੇਗਾ। ਓਦਣ ਆਪਣੀ ਫੀਸ ਲੈ ਲਿਆ ਜੇ ਇਸ ਪਾਸੋਂ”। ਪ੍ਰਿੰਸੀਪਲ ਨੇ ਹੱਸ ਕੇ ਮੰਨ ਲਈ।
“ਕੁਲਦੀਪ ਵੀਰੇ, ਮੈਂ ਅੱਜ ਜੋ ਵੀ ਹਾਂ, ਤੇਰੇ ਪਿਤਾਜੀ ਦੀ ਮਿਹਰ ਸਦਕਾ ਹੀ ਹਾਂ। ਕਦੇ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ, ਆਪਣੇ ਭਰਾ ਨੂੰ ਯਾਦ ਕਰ ਲਈਂ। ਮੈਂ ਕਦੇ ਤੇਰੀ ਹਾਰ ਨਹੀਂ ਹੋਣ ਦੇਵਾਂਗਾ।” ਅੱਖਾਂ ਦੇ ਹੰਝੂ ਪੂੰਝਦਾ ਉਹ ਪਰਤ ਗਿਆ। ਉਸਦੇ ਨਾਲ ਹੀ ਮਿਉਂਸਪਲ ਕਮੇਟੀ ਦੇ ਸਾਰੇ ਕਾਮੇ ਵੀ ਪਰਤ ਗਏ। ਮਾਤਾ ਦੀ ਸਰਕਾਰ ਦਾ ਇਜਲਾਸ ਹੁਣ ਵੀ ਚਲ ਰਿਹਾ ਸੀ।
ਕੁਲਦੀਪ ਅੰਦਰ ਪਰਤਿਆ ਤਾਂ ਦੇਖਿਆ ਕਿ ਬਾਪੂ ਜੀ ਨਵਾਂ ਸਿਲਵਾਇਆ ਕੁੜਤਾ ਪਜਾਮਾ ਪਹਿਨ ਕੇ ਕੁਰਸੀ ਉੱਪਰ ਬੈਠੇ ਸੋਭ ਰਹੇ ਸਨ। ਉਸਦੇ ਮਨ ਵਿਚ ਬੜੀ ਸ਼ਰਧਾ ਉਪਜੀ। ਉਸਨੂੰ ਯਾਦ ਆਇਆ ਕਿ ਉਸਦੇ ਬਾਪੂ ਜੀ ਅਕਾਊਂਟੈਂਟ ਹੁੰਦੇ ਸਨ। ਲੋੜਵੰਦ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਜਿਵੇਂ ਉਨ੍ਹਾਂ ਦਾ ਮਨਪਰਚਾਵਾ ਸੀ। ਜਿਹੜੇ ਬੱਚੇ ਦੇ ਮਾਂ-ਪਿਓ ਗਰੀਬ ਹੁੰਦੇ, ਉਹ ਜੋ ਦਿੰਦੇ ਮੁੱਠੀ ‘ਚ ਲੈ ਕੇ ਬੰਦ ਮੁੱਠੀ ਜੇਬ ‘ਚ ਪਾ ਲੈਂਦੇ। ਕਿਸੇ ਸੌਖੇ ਘਰ ਦੇ ਮਾਪਿਆਂ ਨੂੰ ਤਾੜਦੇ ਕਿ ਵਿਦਿਆਦਾਨ ਸਭ ਤੋਂ ਉਪਰਲਾ ਦਾਨ ਹੈ। ਇਕ ਬੱਚੇ ਦੀ ਟਿਊਸ਼ਨ ਫੀਸ ਮੈਂ ਆਪਣੀ ਇਸ ਜੇਬ ਚੋਂ ਕੱਢਕੇ ਦੂਜੀ ਜੇਬ ‘ਚ ਪਾ ਲਈਐ ਦੂਜੇ ਦੀ ਤੁਸੀਂ ਦਿਓ।” ਲੋਕ ਹਸਦੇ-ਹਸਦੇ ਦੇ ਵੀ ਜਾਂਦੇ। ਇੰਜ ਉਹ ਮਾਸਟਰ ਜੀ ਦੇ ਨਾਂਅ ਨਾਲ ਪ੍ਰਸਿੱਧ ਹੋ ਗਏ ਸਨ।
ਕੁਲਦੀਪ ਨੂੰ ਖਿਆਲ ਆਇਆ ਕਿ ਜੇਕਰ ਮਾਤਾ ਦੇ ਪੇਕਿਆਂ ਚੋਂ ਕੋਈ ਜਿਊਂਂਦਾ ਹੁੰਦਾ ਜਾਂ ਜਾਗਦਾ ਹੁੰਦਾ ਤਾਂ ਮਾਤਾ ਵਰ੍ਹੇ-ਛਮਾਹੀਂ, ਕਿਸੇ ਦੇ ਮਰਨੇ ‘ਤੇ ਜਾਂ ਕਿਸੇ ਦੇ ਪਰਨੇ ‘ਤੇ ਜਾਂਦੀ, ਪੰਜੀ-ਸੱਤੀਂ ਦਿਨੀਂ ਪਰਤਦੀ ਤਾਂ ਉਸਨੂੰ ਆਪਣਾ ਘਰ ਨਵਾਂ-ਨਵਾਂ ਜਾਪਦਾ। ਕੁੱਝ ਦਿਨ ਪਿਛਲਿਆਂ ਦੇ ਗੀਤ ਗਾਉਂਦੀ ਫਿਰ ਇਕ ਦਿਨ ਆਖਦੀ ਆਪਣਾ ਘਰ ਆਪਣਾ ਹੀ ਹੁੰਦਾ ਹੈ। ਪਰ ਹੋਇਆ ਕੀ? ਰਾਤੀਂ ਸੌਣ ਤੋਂ ਲੈ ਕੇ ਸਵੇਰੇ ਅੱਖਾਂ ਖੁੱਲਣ ਤਕ ਹਰ ਘੜੀ ਹਰ ਵੇਲੇ ਉਹ ਰੱਬ ਦੇ ਦਰਸ਼ਨ ਕਰ-ਕਰਕੇ ਥੱਕ ਗਈ ਸੀ।
ਕੁਲਦੀਪ ਨੇ ਅੱਗੇ ਪੈਰ ਵਧਾ ਕੇ ਮਾਸਟਰ ਜੀ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਈ ਹੀ ਸੀ ਕਿ ਉਸਦੀ ਮਾਤਾ ਆ ਗਈ। ਮਾਸਟਰ ਜੀ ਨੂੰ ਨਵਾਂ ਚਿੱਟਾ ਕੁੜਤਾ ਪਜਾਮਾ ਬੜਾ ਜੱਚ ਰਿਹਾ ਸੀ ਪਰ ਮਾਤਾ ਨੂੰ ਉਹ ਬਹੁਤ ਚੁੱਭਿਆ।
“ਆਹ ਹੁਣ ਨਵਾਂ ਜੋੜਾ ਪਾ ਕੇ ਨਾਨਕੇ ਜਾਣੈ?” ਮਾਸਟਰ ਜੀ ਨੇ ਸਿਰ ਨਾ ਚੁੱਕਿਆ। ਮਾਤਾ ਨੇ ਅੱਗੇ ਹੋ ਕੇ ਜਦ ਮੋਢੇ ਨੂੰ ਹਲੂਣਾ ਦਿੱਤਾ ਤਾਂ ਉਨ੍ਹਾਂ ਦੀ ਗਰਦਨ ਇਕ ਪਾਸੇ ਠਿੱਲ ਗਈ। ਮਾਤਾ ਕੰਬ ਕੇ ਰਹਿ ਗਈ। ਉਸਦੇ ਸਾਰੇ ਅੰਗ ਢਿੱਲੇ ਪੈ ਗਏ। ਅੱਖਾਂ ਟੱਡੀਆਂ ਗਈਆਂ। ਕੁੱਝ ਪਲ ਇਵੇਂ ਹੀ ਬੀਤੇ। ਉਸ ਉਪਰੰਤ ਮਾਤਾ ਦੇ ਮੂੰਹੋਂ ਚੀਕ ਨਿਕਲੀ, “ਨੀ ਮੇਰਾ ਸੰਤ ਸਮਾਧੀ ਲੈ ਗਿਆ!”
ਬਾਹਰਲਾ ਸਾਰਾ ਇਕੱਠ ਉਨ੍ਹਾਂ ਦੇ ਘਰ ਦੇ ਅੰਦਰ ਵਿਛ ਗਿਆ ਸੀ ਕਿ ਉਸੇ ਵੇਲੇ ਬਾਹਰੋਂ ਕੜਾਕ ਦੀ ਵਾਜ ਆਈ। ਸਾਰੇ ਬਾਹਰ ਨੱਠੇ। ਬੁੱਢਾ ਅੰਬ ਦਾ ਦਰੱਖਤ ਮਾਸਟਰ ਜੀ ਦਾ ਹਾਣੀ ਹੋ ਗਿਆ ਸੀ।
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨