#ਮੁਸਕਾਨ ਚਿਰਾਂ ਤੋਂ
✍
★ #ਮੁਸਕਾਨ ਚਿਰਾਂ ਤੋਂ . . . ! ★
ਅੱਖੀਆਂ ਨੇ ਰੁੱਖੀਆਂ
ਤਰਿਹਾਈਆਂ ਤੇ ਭੁੱਖੀਆਂ
ਨਜ਼ਰਾਂ ਦੀ ਚਾਲ ਫਿਰ ਵੀ ਟੇਢੀ ਨਹੀਂ ਹੈ
ਮੁਸਕਾਨ ਚਿਰਾਂ ਤੋਂ
ਬੁਲ੍ਹਾਂ ‘ਤੇ ਮੇਰੇ ਖੇਡੀ ਨਹੀਂ ਹੈ
ਮੁਸਕਾਨ ਚਿਰਾਂ ਤੋਂ . . . . .
ਪਰਦੇਸੀ ਪਰਤੇ ਵਤਨੀਂ ਮੇਰੇ
ਅੰਗਾਂ ਨੂੰ ਚੜ੍ਹਿਆ ਚਾਓ ਹੈ
ਪਹਿਲੀਆਂ ਪਹਿਲੀਆਂ ਰਾਤਾਂ ਦਾ ਮੁੜ
ਛਿੜਨਾ ਫਿਰ ਦੁਹਰਾਓ ਹੈ
ਪਹਿਲੇ ਪਹਿਰੀਂ ਉੱਠ ਖਲੋਤੀ
ਹਾਲੇ ਨੀਂਦ ਦਾ ਦਬਾਓ ਹੈ
ਖੁਸ਼ੀਆਂ ਦੀ ਮਹਿਕ
ਗੀਤਾਂ ਤੋਂ ਮੇਰੇ
ਭਾਵੇਂ ਦੂਰ ਦੁਰੇਡੀ ਨਹੀਂ ਹੈ
ਮੁਸਕਾਨ ਚਿਰਾਂ ਤੋਂ . . . . .
ਵਿੱਚ ਅਸਮਾਨੀਂ ਚੰਨ ਨੂੰ ਤੱਕਿਆ
ਯਾਦ ਕਿਸੇ ਦੀ ਆ ਗਈ
ਹਵਾਵਾਂ ਤੱਤੀਆਂ ਠੰਡੀਆਂ ਚੱਲੀਆਂ
ਗ਼ਮਾਂ ਦੀ ਬਦਲੀ ਛਾ ਗਈ
ਆਪਣੇ ਕੰਮੀਂ ਰੁੱਝੀ ਦੁਨੀਆ
ਝੋਲੀ ਇਕਲਾਪਾ ਪਾ ਗਈ
ਦਿਲ ਦੇ ਕੇ ਰੋਣਾ
ਦਿਲ ਲੈ ਕੇ ਸੌਣਾ
ਦਿਲ ਨੇ ਮੇਰੇ ਇਹ ਖੇਡ ਖੇਡੀ ਨਹੀਂ ਹੈ
ਮੁਸਕਾਨ ਚਿਰਾਂ ਤੋਂ . . . . .
ਆਉਂਦੇ ਜਾਂਦੇ ਰਾਹੀ ਪੁੱਛਦੇ
ਕਿਹੜਾ ਪਿੰਡ ਹੈ ਆ ਗਿਆ
ਫੁੱਲ ਨਾ ਦਿੱਸਦੇ ਹੱਸਦੇ ਜਿੱਥੇ
ਕੈਸਾ ਕੋਹਰਾ ਛਾ ਗਿਆ
ਨਾਮ ਲੈ ਕੇ ਯਾਰਾਂ ਦਾ ਯਾਰੋ
ਯਾਰਾਂ ਨੂੰ ਭਰਮਾ ਗਿਆ
ਨਾ ਅੱਖਾਂ ਨੂੰ ਸੁਣਦੈ
ਨਾ ਕੰਨਾਂ ਨੂੰ ਦਿੱਸਦੈ
ਗਲਵੱਕੜੀ ‘ਚ ਲੈ ਲਾਂ
ਜ਼ਿੰਦਗੀ ਦੀ ਉਮਰ ਅਜੇ ਏਡੀ ਨਹੀਂ ਹੈ
ਮੁਸਕਾਨ ਚਿਰਾਂ ਤੋਂ . . . . .
ਪਰਛਾਵਾਂ ਮੇਰੇ ਹਾਣ ਦਾ
ਮੇਰੇ ਨਾਲ ਤੁਰਿਆ ਜਾਂਵਦੈ
ਵਕਤ ਐਸਾ ਰਾਖਸ਼ ਹੋਇਐ
ਵਕਤ ਨੂੰ ਹੀ ਖਾਂਵਦੈ
ਤੁਰਿਆ ਜਾਂਦੈ ਅੱਗੇ ਅਗੇਰੇ
ਪਿੱਛਾਂਹ ਨਾ ਝਾਤੀ ਪਾਂਵਦੈ
ਸੱਧਰਾਂ ਦੇ ਸਿਰ ਹੋਏ ਨੇ ਗੰਜੇ
ਉਮੀਦਾਂ ਦੀ ਉੱਥੇ
ਗੁੱਤ ਨਾ ਕੋਈ ਮੇਢੀ ਨਹੀਂ ਹੈ
ਮੁਸਕਾਨ ਚਿਰਾਂ ਤੋਂ . . . . .
ਸਹਿਜੇ ਸਹਿਜੇ ਜਿਉਂ ਸਾਗ ਰਿੱਝਦੈ
ਰਿੱਝਿਆ ਮੇਰੇ ਸਾਹਾਂ ਦਾ ਇਕਤਾਰਾ
ਓਹੀਓ ਸਾਗ ਤੇ ਓਹੀਓ ਅਗਨੀ
ਚਹੁੰ ਪਾਸੀਂ ਜਿਸਦਾ ਪਰਸਾਰਾ
ਖਾਲੀ ਬੁਚਕੀ ਚਾਈ ਫਿਰਦੈ
ਮੇਰਾ ਬੇਲੀ ਚੇਤਰ ਵਣਜਾਰਾ
ਗ਼ਮਾਂ ਦੀ ਅੱਗ
ਬਹੁਤ ਉੱਚੀ ਹੈ ਦਿਸਦੀ
ਫਿਰ ਵੀ ਮੇਰੇ ਕਦ ਜੇਡੀ ਨਹੀਂ ਹੈ
ਮੁਸਕਾਨ ਚਿਰਾਂ ਤੋਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨