#ਪ੍ਰੇਮ ਸਮੁੰਦਰ ਮੱਲ-ਮੱਲ ਨ੍ਹਾਈਏ
✍
★ #ਪ੍ਰੇਮ ਸਮੁੰਦਰ ਮੱਲ-ਮੱਲ ਨ੍ਹਾਈਏ ★
ਫੁੱਲ ਕਿੱਕਰਾਂ ਦੇ ਪੀਲੇ ਰੂੰ ਵਰਗੇ
ਕੱਚੀਆਂ ਫਲੀਆਂ ਲੋਕਾਂ ਵਰਗੀਆਂ
ਫੁੱਲ ਖਿੜੇ ਹੋਏ ਮੈਂ ਤੇ ਤੂੰ ਵਰਗੇ
ਫੁੱਲ ਖਿੜੇ ਹੋਏ ਮੈਂ ਤੇ ਤੂੰ ਵਰਗੇ . . . . .
ਧਰਤੀ ਨੇ ਬਦਲੇ ਕੱਪੜੇ-ਲੀੜੇ
ਲੋਕਾਂ ਬਦਲੇ ਢੰਗ ਮਾਹੀਆ
ਰਾਤਾਂ ਨਿੱਕੀਆਂ ਦਿਨ ਹੋਏ ਲੰਮੇਰੇ
ਓਹੀਓ ਤੇਰਾ-ਮੇਰਾ ਰੰਗ ਮਾਹੀਆ
ਗੱਲਾਂ ਕਰਦੇ ਲੋਕੀ ਚਰਖੇ ਦੀ ਘੂੰ-ਘੂੰ-ਘੂੰ ਵਰਗੇ
ਜਦ ਇਸ਼ਕ ਨੇ ਦਾਬਾ ਮਾਰਿਆ
ਸੌਂ ਜਾਸਣ ਚੰਦਰੇ ਜੂੰ ਵਰਗੇ
ਫੁੱਲ ਖਿੜੇ ਹੋਏ ਮੈਂ ਤੇ ਤੂੰ ਵਰਗੇ . . . . .
ਹੋਲੀਆਂ ਲੰਘੀਆਂ ਵਿਸਾਖੀ ਨੇੜੇ
ਖੇਤੀਂ ਵਿੱਛਿਐ ਸੋਨਾ ਇੰਜ ਮਾਹੀਆ
ਅੰਨਦਾਤੇ ਦੇ ਮੁੜ੍ਹਕੇ ਨੇ ਜਿਵੇਂ
ਸੂਰਜ ਛੱਡਿਐ ਪਿੰਜ ਮਾਹੀਆ
ਮੁੜ-ਮੁੜ ਭੈੜੇ ਵੱਧਦੇ ਜਾਵਣ ਨਹੁੰ ਵਰਗੇ
ਰੂਪ-ਪ੍ਰੇਮ ਜਦ ਇੱਕ-ਮਿੱਕ ਹੋ ਗਏ
ਲੋਕੀ ਆਪੇ ਢਹਿਸਣ ਗੂੰਹ ਵਰਗੇ
ਫੁੱਲ ਖਿੜੇ ਹੋਏ ਮੈਂ ਤੇ ਤੂੰ ਵਰਗੇ . . . . .
ਚੁੰਨੀ ਰਹੇ ਮੇਰੀ ਮਾਂ ਦੇ ਸਿਰ `ਤੇ
ਤੇਰੇ ਬਾਪ ਦੀ ਚਿੱਟੀ ਪੱਗ ਮਾਹੀਆ
ਜਿੰਦ ਇੱਕ ਦੂਜੇ ਦੇ ਨਾਂਅ ਲਿਖਾਈ
ਨਾ ਵਣਜਾਰੇ ਨਾ ਅਸੀਂ ਠੱਗ ਮਾਹੀਆ
ਲੋਕੀ ਮੱਚਦੀ ਅੱਗ ਦੇ ਸੌ-ਸੌ ਮੂੰਹ ਵਰਗੇ
ਪ੍ਰੇਮ-ਸਮੁੰਦਰ ਮੱਲ-ਮੱਲ ਨਹਾਈਏ
ਹੋ ਜਾਸਣ ਪਿੰਡੇ ਲੂੰ ਵਰਗੇ
ਫੁੱਲ ਖਿੜੇ ਹੋਏ ਮੈਂ ਤੇ ਤੂੰ ਵਰਗੇ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨