#ਨਵੀਂ ਸੋਚ
✍️
★ #ਨਵੀਂ ਸੋਚ ★
ਤੇਰੇ ਭਲੇ ਦੀ ਆਖਦੈ
ਜਾਣ-ਆਉਣ ਨੂੰ ਹੋ ਜਾਊਗੀ ਸੌਖ
ਥਾਂ ਦੇ ਦੇ
ਚਿਰਾਂ ਪਿੱਛੋਂ ਬਹੁੜਿਆ ਈ ਨਰਾਂ ਦਾ ਰਾਜਾ
ਹੁਣ ਹੋਰ ਕਿਸੇ ਨਹੀਂ ਆਉਣਾ
ਤੂੰ ਇਸ ਨੂੰ ਆਪਣੀ ਹਾਂ ਦੇ ਦੇ
ਕਈ ਆਏ ਤੇ ਕਈ ਤੁਰ ਗਏ
ਕਦੇ ਕਿਸੇ ਆਖਿਆ ਸੀ
ਲੈ ਲੈ ਸ਼ਹਿਰ ਗਿਰਾਂ ਦੇ ਦੇ
ਐਵੇਂ ਭੁੱਖ-ਤ੍ਰੇਹ ਨਾਲ ਮਰੀ ਜਾਨੈਂ
ਪੁੱਛ ਸ਼ਹਿਰੀ ਕੁੱਤਿਆਂ ਤੋਂ ਜੂਠ ਦਾ ਸੁਆਦ
ਆਖੇਂਗਾ ਥੋੜੀ ਮੈਂਨੂੰ ਵੀ ਮੇਰੀ ਜਾਂਅ ਦੇ ਦੇ
ਵੱਡੀ ਮੋਟਰਕਾਰ ਹੇਠ ਆ ਕੇ ਮਰਸੈਂ
ਪਿਛਲਿਆਂ ਨੂੰ ਕੁੱਝ ਲੱਭ ਜਾਸੀ
ਸੜਕਾਂ ਦੇ ਕੰਢਿਆਂ ਨੂੰ ਦੁਆਵਾਂ ਦੀ ਛਾਂਅ ਦੇ ਦੇ
ਵੋਟਾਂ ਵੇਲੇ ਜਾਗਦੇ ਨੇ ਭਾਗ ਝੁੱਗੀਆਂ ਦੇ
ਐਵੇਂ ਝੱਲ ਨਾ ਕੁਦਾਈਂ
ਅਖੇ ਪੱਕੀ ਛੱਤ ਵਾਲਾ ਮੈਂਨੂੰ ਮਕਾਂਅ ਦੇ ਦੇ
ਅੱਜ ਕੌਣ ਕਿਸੇ ਲਈ ਮਰਦੈ
ਚੱਕ ਪੈਸੇ ਚੌਗਣੇ
ਮਾਂ ਦੇ ਦੇ
ਤੇਰਾ ਨਹੀਂ ਕੰਮ ਸੋਚਣਾ ਤੇ ਵਿਚਾਰਨਾ
ਤੇਰੇ ਭਲੇ ਦੀ ਆਖਦੈ
ਥਾਂ ਦੇ ਦੇ !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨