#ਤੇਰੀਆਂ ਮਿਹਰਬਾਨੀਆਂ
✍️
★ #ਤੇਰੀਆਂ ਮਿਹਰਬਾਨੀਆਂ ★
ਸਿਸਕੀਆਂ ਤੇ ਹਿਚਕੀਆਂ
ਹੁਣ ਨਹੀਂ ਬਿਗਾਨੀਆਂ
ਤੇਰੀਆਂ ਮਿਹਰਬਾਨੀਆਂ
ਤੇਰੀਆਂ ਮਿਹਰਬਾਨੀਆਂ . . . . .
ਡਰ-ਡਰ ਕੇ ਹਵਾ ਵਗ ਰਹੀ
ਮੱਧਮ ਪੈ ਗਈ ਚੰਨ ਦੀ ਚਾਨਣੀ
ਹੱਸ ਕੇ ਲਗਦੀ ਸੀ ਜੋ ਗਲੇ
ਡੱਸਦੀ ਹੈ ਰਾਤ ਨਾਗਣੀ
ਰੁੱਸਣ ਦਾ ਮਨਾਉਣ ਦਾ
ਰੁਕ ਗਿਆ ਹੈ ਕਾਰੋਬਾਰ
ਵਿੱਚ ਚੁਰਾਹੇ ਖਿਲਰ ਗਿਐ
ਸੱਜਵਿਆਹੀ ਦਾ ਸ਼ਿੰਗਾਰ
ਟੁੱਟ ਗਈਆਂ ਨੇ ਗਲ ਦੀਆਂ ਗਾਨੀਆਂ
ਤੇਰੀਆਂ ਮਿਹਰਬਾਨੀਆਂ
ਤੇਰੀਆਂ ਮਿਹਰਬਾਨੀਆਂ . . . . .
ਹੱਸਣਾ-ਹਸਾਉਣਾ ਖੇਡਣਾ
ਜਿਵੇਂ ਬਹੁਤ ਪੁਰਾਣੀ ਬਾਤ ਹੈ
ਖੁੱਲੀਆਂ ਅੱਖਾਂ ਨੂੰ ਨਹੀਂ ਪਤਾ
ਹੁਣ ਦਿਨ ਹੈ ਜਾਂ ਰਾਤ ਹੈ
ਘਰੋਂ ਨਿਕਲ ਕਿਤੇ ਪੁੱਜ ਗਏ
ਜਾਂ ਅਜੇ ਨਹੀਂ ਤੁਰੇ
ਕਿਸਮਤ ਜੀ ਆਇਆਂ ਨੂੰ ਆਖਦੀ
ਹੱਥਾਂ `ਚ ਫੜ ਛੁਰੇ
ਸੂਲ ਬਣ ਕੇ ਚੁੱਭ ਰਹੀਆਂ ਨਾਦਾਨੀਆਂ
ਤੇਰੀਆਂ ਮਿਹਰਬਾਨੀਆਂ
ਤੇਰੀਆਂ ਮਿਹਰਬਾਨੀਆਂ . . . . .
ਮਾਘ-ਫੱਗਣ ਤੱਪ ਰਿਹੈ
ਠਰਦਾ ਹੈ ਜੇਠ-ਹਾੜ ਹੁਣ
ਸੋਹਣੀ ਬਣਾਈ ਤਸਵੀਰ ਜੋ
ਹੱਥੀਂ ਹੈ ਲਈ ਵਿਗਾੜ ਹੁਣ
ਕਰੂੰਬਲਾਂ ਕਰ `ਕੱਠੀਆਂ
ਚਿੜੀਆਂ ਬਣਾਏ ਆਹਲਣੇ
ਹਵਾ ਹੀ ਸਾਹਾਂ ਦਾ ਆਸਰਾ
ਹਵਾ ਹੀ ਘਰ ਉਛਾਲਣੇ
ਨੇਕੀਆਂ ਦੇ ਭੇਸ ਵਿਚ ਬੇਈਮਾਨੀਆਂ
ਤੇਰੀਆਂ ਮਿਹਰਬਾਨੀਆਂ
ਤੇਰੀਆਂ ਮਿਹਰਬਾਨੀਆਂ . . . . .
ਸਾਡੀ ਖ਼ਬਰ ਸਾਨੂੰ ਨਹੀਂ
ਦੂਰ ਬਹੁਤ ਅਸੀਂ ਆ ਗਏ
ਸਿਖਰ ਦੁਪਹਿਰ ਜ਼ਿੰਦਗੀ ਦੀ
ਗ਼ਮਾਂ ਦੇ ਬੱਦਲ ਛਾ ਗਏ
ਮਾਖਿਓਂ ਦੇ ਸੁਆਦ ਨੂੰ
ਮਾਖੀਆਂ ਕਿਸੇ ਨੇ ਛੇੜੀਆਂ
ਬਿਨ ਮਲਾਹੋਂ ਬੇੜੀਆਂ
ਪਾਣੀਆਂ ਨੇ ਘੇਰੀਆਂ
ਜਾਣ ਵਾਲੇ ਤੁਰ ਗਏ ਰਹਿ ਗਈਆਂ ਨਿਸ਼ਾਨੀਆਂ
ਤੇਰੀਆਂ ਮਿਹਰਬਾਨੀਆਂ
ਤੇਰੀਆਂ ਮਿਹਰਬਾਨੀਆਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨