#ਝਾਤ ਮਾਈਆਂ
✍
★ #ਝਾਤ ਮਾਈਆਂ ★
ਝਾਤ ਮਾਈਆਂ
ਝਾਤ ਮਾਈਆਂ
ਸਾਡੀ ਨਿੱਕੀ ਜਿਹੀ ਫੁਲਵਾਰੀ
ਕਲੀ ਖਿੜੀ ਇਕ ਪਿਆਰੀ
ਬਾਪੂ ਤੇਰਾ ਆਖੇ
ਗੁੱਡੋ ਬਣਕੇ ਲੱਛਮੀ ਮਾਤਾ
ਝੋਲੀ ਸਾਡੀ ਮਿਹਰਾਂ ਪਾਈਆਂ
ਝਾਤ ਮਾਈਆਂ
ਝਾਤ ਮਾਈਆਂ
ਰਾਤੀਂ ਪਈਆਂ ਕਣੀਆਂ
ਹਵਾਵਾਂ ਗਈਆਂ ਠਰੀਆਂ
ਸਵੇਰੇ ਸਾਡੀ ਗੁੱਡੋ ਨੇ
ਸਿਰ `ਤੇ ਪਾਈ ਟੋਪੀ
ਪੈਰੀਂ ਜੁਰਾਬਾਂ ਪਾਈਆਂ
ਝਾਤ ਮਾਈਆਂ
ਝਾਤ ਮਾਈਆਂ
ਗੁੱਡੋ ਦੇ ਦਾਦੀ ਦਾਦਾ ਜੀ
ਛੱਕਦੇ ਹੋਣੇ ਮਿੱਠਾ ਪਰਸ਼ਾਦਾ ਜੀ
ਉਹ ਗਏ ਗੁਰਾਂ ਦੇ ਘਰ ਨੂੰ
ਜਾ ਕੇ ਅੰਬਰਸਰ ਨੂੰ
ਹਾਜ਼ਰੀਆਂ ਲਵਾਈਆਂ
ਝਾਤ ਮਾਈਆਂ
ਝਾਤ ਮਾਈਆਂ
ਗੁੱਡੋ ਦੀ ਭੂਆ ਗਈਐ ਪੜਨੇ ਨੂੰ
ਸੁਚੱਜੀ ਨਾਰ ਬਣਨੇ ਨੂੰ
ਧੀ ਰਾਣੀ ਉੱਠ ਕੇ ਬੈਠੇ
ਹੁਣ ਗੋਦੀ ਮੇਰੀ ਛੱਡੇ
ਮੱਝੀਆਂ ਗਾਈਆਂ ਤਰਿਹਾਈਆਂ
ਝਾਤ ਮਾਈਆਂ
ਝਾਤ ਮਾਈਆਂ
ਰੋਟੀ ਦਾ ਆਹਰ ਪੱਲਾ ਕਰੀਏ ਜੀ
ਚੁੱਲੇ ਸਾਗ-ਸਲੂਣਾ ਧਰੀਏ ਜੀ
ਆਟਾ ਧਰੀਏ ਗੁੰਨ੍ਹ ਕੇ
ਗੁੱਡੋ ਦੇ ਬਾਪੂ ਨੇ ਹੁਣ ਆਉਣਾ
ਲੰਮੀਆਂ ਹੋਈਆਂ ਪਰਛਈਆਂ
ਝਾਤ ਮਾਈਆਂ
ਝਾਤ ਮਾਈਆਂ !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨