#ਚਾਹਤ
✍️
★ #ਚਾਹਤ ★
ਮਿੱਸੀ ਰੋਟੀ ਨਾਲ ਲੱਸੀ
ਅੱਧੀ ਛੁੱਟੀ ਵੇਲੇ ਦੱਸੀ
ਸਾਰਾ ਦਿਨ ਯਾਰ ਜੱਸੀ
ਬਾਹਰੋਂ ਕਾਲਾ ਅੰਦਰੋਂ ਰੰਗੀਨ ਸੀ
ਉਦੋਂ ਦੁਨੀਆ ਬਹੁਤ ਹਸੀਨ ਸੀ
ਛੱਪੜੇ `ਚ ਫੱਟੀਆਂ
ਮੱਝੀਆਂ ਤੇ ਕੱਟੀਆਂ
ਅੱਗੇ-ਪਿੱਛੇ ਨੱਠੀਆਂ
ਮਾਰਨੀਆਂ ਛਾਲਾਂ ਤੇ ਕਦੇ ਟਪੂਸੀਆਂ
ਕਦੇ ਗੱਜਣਾ ਕਦੇ ਕੰਨੀਂਫੂਸੀਆਂ
ਜੁਗਨੂੰਆਂ ਨੂੰ ਫੜਨਾ
ਭੇਡਾਂ ਵਾਂਗ ਲੜਨਾ
ਸੂਏ `ਚ ਤਰਨਾ
ਗੋਡੇ-ਗੋਡੇ ਪਾਣੀ `ਚ ਲਾਉਣੀਆਂ ਤਾਰੀਆਂ
ਦਿਨ ਨਿੱਘੇ ਸਨ ਰਾਤਾਂ ਨਿਆਰੀਆਂ
ਯਾਰ ਲਈ ਝੁਰਨਾ
ਪਿਆਰ ਲਈ ਖੁਰਨਾ
ਜ਼ਿੰਦਗੀ ਦਾ ਤੁਰਨਾ
ਰਲ-ਮਿਲ ਕੇ ਸਭਨਾ ਆੜੀਆਂ
ਝੰਬ ਸੁਟੀਆਂ ਬੇਰਾਂ ਦੀਆਂ ਝਾੜੀਆਂ
ਤੂਤਾਂ ਗੱਭੇ ਲਸੂੜਾ ਕਹਿੰਦੇ
ਬੇਬੇ ਦਾ ਰਾਂਗਲਾ ਪੰਘੂੜਾ ਕਹਿੰਦੇ
ਲੂਣਾ ਵੇਸਣੇ ਦਾ ਪੂੜਾ ਕਹਿੰਦੇ
ਬਾਪੂ ਦੀ ਡਾਂਗ ਆਖਦੇ ਸੀ ਯਾਰ ਮੈਂਨੂੰ
ਵਾਧੂ ਸੱਭਨਾਂ ਦਾ ਮਿਲਿਐ ਪਿਆਰ ਮੈਂਨੂੰ
ਚੀਚੋ-ਚੀਚ ਗੰਡੇਰੀਆਂ
ਬਿਨ ਪਾਣੀ ਘੁੰਮਣਘੇਰੀਆਂ
ਖੇਡਾਂ ਖੇਡੀਆਂ ਬਥੇਰੀਆਂ
ਅਜੇ ਖਿੱਚਣੀਐ ਵੱਡੀ ਲਕੀਰ ਜੀ
ਦਿਲ ਨਹੀਂ ਥੱਕਿਆ ਥੱਕਿਆ ਸਰੀਰ ਜੀ
ਗੋਡਿਆਂ `ਚ ਜਾਨ ਨਹੀਂ
ਬੰਦਾ ਹੁੰਦਾ ਪਛਾਣ ਨਹੀਂ
ਰੱਬ ਮਿਹਰਬਾਨ ਨਹੀਂ
ਛੇਤੀ ਤੁਰੀਏ ਤਾਂ ਜੈ-ਜੈਕਾਰ ਹੋਵੇ
ਹੋਣ ਉਹੀਓ ਮਾਪੇ ਤੇ ਓਹੀ ਯਾਰ ਹੋਵੇ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨