#ਹੱਸੀਏ ਹੱਸ ਕਬੂਲੀਏ
✍️
★ #ਹੱਸੀਏ ਹੱਸ ਕਬੂਲੀਏ ★
ਪੱਲੇ ਸਾਡੇ ਠੀਕਰੀਆਂ
ਇਸ਼ਕੇ ਦਾ ਭਾਅ ਕਰਾਇਆ
ਦਿਲ ਨਿਮਾਣਾ ਠੋਕਰਿਆ
ਅਸਾਂ ਚੁੱਕ ਝੋਲੀ ਵਿੱਚ ਪਾਇਆ
ਪੱਲੇ ਸਾਡੇ ਠੀਕਰੀਆਂ . . . . .
ਕਿਹੜੀ ਰੁੱਤੇ ਕਿਹੜੇ ਵਸਤਰ
ਕਿਹੜੇ ਫੁੱਲ ਮਖਾਣੇ
ਕਿਹੜੀ ਰੁੱਤੇ ਹਾਸੇ ਖਿੜਦੇ
ਸਭ ਰੁੱਤਾਂ ਭਰਮਾਇਆ
ਪੱਲੇ ਸਾਡੇ ਠੀਕਰੀਆਂ . . . . .
ਮੇਰੇ ਘਰ ਤੋਂ ਤੇਰੇ ਦਰ ਤਕ
ਚੁੱਪ ਦਾ ਇੱਕ ਪਰਛਾਵਾਂ
ਚਾਨਣ ਵੇਲੇ ਦਾ ਹਮਰਾਹੀ
ਅਸਾਂ ਪਹਿਲੇ ਪਹਿਰ ਗੁਆਇਆ
ਪੱਲੇ ਸਾਡੇ ਠੀਕਰੀਆਂ . . . . .
ਹਰੀਆਂ-ਭਰੀਆਂ ਨੱਢੀਆਂ ਦੀ
ਝੋਲੀ ਵਿੱਚ ਰੁਸ਼ਨਾਈ
ਕਿਹੜੇ ਜੁੱਗੀਂ ਤੱਪ ਕਰਦੀਆਂ
ਕਦੋਂ ਹੈ ਪੁੰਨ ਕਮਾਇਆ
ਪੱਲੇ ਸਾਡੇ ਠੀਕਰੀਆਂ . . . . .
ਸੀ ਕਰੀਏ ਨਾ ਅੱਖ ਭਰੀਏ
ਨਾ ਹੌਲੇ ਹੋ ਕੇ ਬਹੀਏ
ਹੱਸੀਏ ਹੱਸ ਕਬੂਲੀਏ
ਜੋ ਝੋਲੀ ਵਿੱਚ ਆਇਆ
ਪੱਲੇ ਸਾਡੇ ਠੀਕਰੀਆਂ . . . . .
ਉਸ ਕੰਢੇ ਹੈ ਯਾਰ ਖਲੋਤਾ
ਇਸ ਕੰਢੇ ਅਸੀਂ ਹਾਂ ਮੋਏ
ਵਿੱਚ ਵਗਣ ਮਜਬੂਰੀਆਂ
ਜੋ-ਜੋ ਲੇਖ ਲਿਖਾਇਆ
ਪੱਲੇ ਸਾਡੇ ਠੀਕਰੀਆਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨