#ਸੱਚੋ-ਸੱਚ
✍️
★ #ਸੱਚੋ-ਸੱਚ ★
ਮੋਹ ਕਾਹਦਾ ਉਨ੍ਹਾਂ ਹਰਜਾਈਆਂ ਦਾ
ਜਿਹੜੇ ਜਾ ਕੇ ਨਾ ਪਰਤਣ ਸਵਾਸ ਲੋਕੋ
ਮੈਂ ਬਲੀਹਾਰੀ ਉਸ ਜਿਊਣਜੋਗੀ ਤੋਂ
ਜਿਹੜੀ ਟੁੱਟ ਟੁੱਟ ਜੁੜਦੀ ਆਸ ਲੋਕੋ
ਜਿਸ ਲੜ ਫੜਿਆ ਧੀਰਜ ਯੋਧੇ ਦਾ
ਜਿੰਦ ਦੇ ਵਿਹੜੇ ਖੁਸ਼ੀਆਂ ਪੈਲ ਪਾਈ
ਮੌਤ ਨਮਾਣੀ ਖਲੋਤੀ ਉਡੀਕਦੀਐ
ਉਹਦਾ ਮਿੱਥਿਐ ਵੇਲਾ ਖ਼ਾਸ ਲੋਕੋ
ਜੰਮਣਪੀੜ ਬਿਨ ਜੰਮਿਆਂ ਕੌਣ ਜਾਣੇ
ਬਿਨ ਪਾਣੀ ਕਿਸ ਲਾਈਆਂ ਤਾਰੀਆਂ ਨੇ
ਭੁੱਖ ਭੁੱਖ ਕਰਦਿਆਂ ਢਿੱਡ ਭਰੀੱਂਦਾ ਨਹੀਂ
ਬਿਨ ਮੁੜ੍ਹਕੇ ਨਾ ਬੁੱਝਦੀ ਪਿਆਸ ਲੋਕੋ
ਨਿੱਘ ਧੁੱਪ ਦਾ ਜਦ ਗੁਆਚਿਆ ਲੱਗੇ
ਜਦੋਂ ਚੰਨ ਦੀ ਚਾਨਣੀ ਸਾੜ ਹੋਵੇ
ਹਵਾ ਜਦ ਸਿੱਲੀ ਸਿੱਲੀ ਆਣ ਵੱਜੇ
ਰੋਂਦਾ ਹੋਣੈਂ ਕੋਈ ਆਸ ਪਾਸ ਲੋਕੋ
ਵੇਲਾ ਖੁੰਝਿਆ ਸ਼ੀਸ਼ੇ ਤ੍ਰੇੜ ਪੈ ਗਈ
ਰਾਹਾਂ ਔਖੀਆਂ ਭਾਵੇਂ ਢੇਰ ਹੋਈਆਂ
ਮਿੱਤਰ ਚੁਣੇ ਜਿਨ੍ਹਾਂ ਨੇ ਖਰਾ ਸੋਨਾ
ਚਿੱਤ ਉਨ੍ਹਾਂ ਦੇ ਨਹੀਂ ਉਦਾਸ ਲੋਕੋ
ਪੰਧ ਕੰਡਿਆਲੇ ਹੱਥ ਯਾਰ ਦੇ ਮੋਢਿਆਂ ‘ਤੇ
ਜਿਹੜੇ ਲੰਘ ਗਏ ਸਤਲਜ ਬਿਆਸ ਲੋਕੋ
ਭੁੱਲ ਗਏ ਰਾਵੀ ਝਨਾਅ ਤੇ ਜੇਹਲਮ ਨੂੰ
ਪਖੰਡ ਦਿਸਦੈ ਹੁਣ ਜੋਗ ਸਨਯਾਸ ਲੋਕੋ
ਮੇਰਾ ਨਫ਼ਾ ਨੁਕਸਾਨ ਨਾ ਕੋਈ ਹੋਇਆ
ਪੱਲੇ ਦਮੜੀ ਨਾ ਮੇਰੇ ਧਰਤ ਅਕਾਸ਼ ਲੋਕੋ
ਬੁੱਤ ਘੜਿਆ ਦੋ ਸੋਹਣੇ ਘੁਮਿਆਰਾਂ ਨੇ
ਚੇਤਨ ਜਾ ਰਲਸੀ ਮੁੜ ਪ੍ਰਕਾਸ਼ ਲੋਕੋ
ਮੋਹ ਕਾਹਦਾ ਉਨ੍ਹਾਂ ਹਰਜਾਈਆਂ ਦਾ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨