#ਵਕਤ ਮੇਰੇ ਹੱਥੋਂ ਕਿਰਿਆ
✍
★ #ਵਕਤ ਮੇਰੇ ਹੱਥੋਂ ਕਿਰਿਆ ★
ਵਕਤ ਮਿਹਰਬਾਨ ਮੇਰਾ
ਵਕਤ ਵਕਤ `ਤੇ ਆਂਵਦੈ
ਵਕਤ ਇੱਕ ਜ਼ਹਿਰੀਲੀ ਨਾਗਨ
ਵਕਤ ਵਕਤ ਨੂੰ ਖਾਂਵਦੈ
ਨਾ ਜਾਂਦਾ ਦਿੱਸਦੈ ਨਿਰਮੋਹੀ
ਖ਼ਵਰੇ ਕਿੱਧਰੋਂ ਆਂਵਦੈ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਮੇਰੇ ਹੱਥੋਂ ਕਿਰਿਆ
ਵਕਤ ਪੱਥਰ ਦਿਲ `ਤੇ ਧਰਿਆ
ਵਕਤ ਪਹਾੜੀਂ ਝਰਦੇ ਚੋਅ
ਵਕਤ ਹਨੇਰੇ ਮਿੱਤਰਾਂ ਦੀ ਲੋਅ
ਵਕਤ ਬੱਦਲ ਗੱਜ-ਗੱਜ ਆਵਣ
ਵਕਤ ਧਰਤੀ ਪਾੜ
ਨਾ ਰਹੀ ਮੈਂ ਯਾਰਾਂ ਜੋਗੀ
ਨਾ ਕੋਈ ਮੇਰਾ ਯਾਰ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਅੰਬਰੀਂ ਸੂਰਜ ਚੜ੍ਹਿਆ
ਵਕਤ ਹੱਥੀਂ ਠੂਠਾ ਫੜਿਆ
ਵਕਤ ਦਿਲ ਦੀਆਂ ਦਿਲ ਵਿੱਚ ਰਹੀਆਂ
ਵਕਤ ਅੱਖੀਆਂ ਸਭ ਕਹਿ ਗਈਆਂ
ਵਕਤ ਪੀਂਘਾਂ ਵਿੱਚ ਅਸਮਾਨੀਂ
ਵਕਤ ਫੁੱਲਾਂ ਦੇ ਖ਼ਾਰ
ਨਾ ਰਹੀ ਮੈਂ ਨਵੀਂ ਨਰੋਈ
ਨਾ ਦਿੱਸਦੀ ਬੀਮਾਰ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਜੋ ਆਖੇ ਮੈਂ ਨਾ ਮੰਨਾਂ
ਵਕਤ ਨਪੀੜੇ ਵਾਂਗੂੰ ਗੰਨਾ
ਵਕਤ ਦੇ ਅੱਗੇ ਸ਼ੇਰ ਜੋ ਹੋਵਣ
ਵਕਤ ਤੋਂ ਪਹਿਲਾਂ ਢੇਰ ਉਹ ਹੋਵਣ
ਵਕਤ ਫੌਜਾਂ ਫਤਿਹ ਬੁਲਾਵਣ
ਵਕਤ ਕੰਡਿਆਂ ਦੇ ਹਾਰ
ਨਾ ਮੈਂ ਗੋਲੀ ਰਾਜਾ ਜੀ ਦੀ
ਨਾ ਮੇਰੀ ਗੁਫ਼ਤਾਰ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਰੌਣਕਾਂ ਹਾਸੇ-ਖੇੜੇ
ਵਕਤ ਹੰਝੂ ਹੋਰ ਵੀ ਨੇੜੇ
ਵਕਤ ਕੰਜਰ ਵਕਤ ਮਰਾਸੀ
ਵਕਤ ਉਡਾਰੀ ਵਕਤ ਚੁਰਾਸੀ
ਵਕਤ ਦਿਲ ਦਰਵੇਸ਼ ਸਦੀਂਦਾ
ਵਕਤ ਅੱਖੀਆਂ ਚਾਰ
ਨਾ ਕੋਈ ਸਾਡੇ ਅੱਗੇ-ਪਿੱਛੇ
ਨਾ ਕੋਈ ਵਿਚਕਾਰ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਵਕਤ ਦੀ ਮਿਹਰ ਅਸਾਂ `ਤੇ
ਵਕਤ ਵਕਤ ਦਾ ਫੇਰ ਅਸਾਂ `ਤੇ
ਵਕਤ ਨੀਂਹਾਂ ਵਕਤ ਬਨੇਰਾ
ਵਕਤ ਨਾਗ ਹੈ ਵਕਤ ਸਪੇਰਾ
ਵਕਤ ਝਿਲਮਿਲ-ਝਿਲਮਿਲ ਤਾਰੇ
ਵਕਤ ਅਸਾਂ ਦਾ ਪਿਆਰ
ਨਾ ਮੈਂ ਘੁੰਡ `ਚੋਂ ਬਾਹਰ ਆਈ
ਨਾ ਹੋਏ ਦੀਦਾਰ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਖੇਤੀ ਖਸਮਾਂ ਸੇਤੀ
ਵਕਤ ਖੁੰਬਾਂ ਉੱਗੀਆਂ
ਵਕਤ ਫਰੇਬੀ ਪਦਭੈੜੇ ਜੰਮੇਂ
ਵਕਤ ਕਣਕਾਂ ਲੁੱਗੀਆਂ
ਵਕਤ ਧਰਤੀ ਪੂਜਣ ਜੋਗੀ
ਵਕਤ ਹੈ ਅਣਖੀਲੀ ਮੁਟਿਆਰ
ਨਾ ਮੈਂ ਮਰ ਕੇ ਮਿੱਟੀ ਹੋਈ
ਨਾ ਹੋਈ ਦਸਤਾਰ
ਵਕਤ ਮੇਰੇ ਹੱਥੋਂ ਕਿਰਿਆ . . . . .
ਵਕਤ ਕਾਲੀ ਰਾਤ ਗ਼ਮਾਂ ਦੀ
ਵਕਤ ਚਿੱਟਾ ਚਾਦਰਾ
ਵਕਤ ਜੋਗੀ ਤੁਰਦਾ-ਫਿਰਦਾ
ਵਕਤ ਸਾਹਾਂ ਦਾ ਆਸਰਾ
ਵਕਤ ਹਯਾਤੀ ਮੇਰੀ ਸਾਥਣ
ਵਕਤ ਹੈ ਕਿਸ਼ਤੀ ਬਿਨ ਪਤਵਾਰ
ਨਾ ਪੱਲੇ ਮੇਰੇ ਭਾੜਾ ਦਮੜੀ
ਨਾ ਕੋਈ ਉਤਾਰੇ ਪਾਰ
ਵਕਤ ਮੇਰੇ ਹੱਥੋਂ ਕਿਰਿਆ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨