#ਮੇਰੇ ਹੱਥੀਂ ਹੱਥ ਫੜਾ
✍
★ #ਮੇਰੇ ਹੱਥੀਂ ਹੱਥ ਫੜਾ ★
ਤਿੱਤੀਰੀਆਂ ਭੰਬੀਰੀਆਂ ਘੁੰਮ-ਘੁੰਮੇਂਦੀਆਂ
ਹਾਨਣਾਂ ਪੰਜਾਬਣਾਂ ਰਲ-ਮਿਲ ਬਹਿੰਦੀਆਂ
ਅਸੀਂ ਵੀ ਪੁੱਗ-ਪੁਗਾਈਏ ਆ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . .
ਤੇਰੇ ਹੱਸਿਆਂ ਦਿੱਸਦੇ ਨੇ ਦਾਣੇ ਅਨਾਰ ਦੇ
ਦਿਲ ਬੜੇ ਮਲੂਕੜੇ ਕੱਚੇ ਭਾਂਡੇ ਘੁੰਮਿਆਰ ਦੇ
ਇਨ੍ਹਾਂ ਨੂੰ ਆਵੇ ਦਈਏ ਪਾ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . .
ਕੁੜਤੀ ਤੇਰੀ ਤਾਂਬੇ ਰੰਗੀ ਚਿੱਟੀ ਚਾਂਦੀ ਸਲਵਾਰ ਨੀਂ
ਗੰਢੜੀ ਦਿਲ ਦੀ ਬੰਨ੍ਹ ਲਿਆ ਸੱਚਾ ਸੋਨਾ ਪਿਆਰ ਨੀਂ
ਚੁੰਨੀਂ ਦਾ ਈਨੂੰ ਲੈ ਬਣਾ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . .
ਰੇਸ਼ਮੀ ਕੇਸਾਂ ਦੀ ਛਾਂਵੇਂ ਦਿਲ ਨੂੰ ਹੈ ਆਰਾਮ ਬੜਾ
ਠੰਡੇ-ਠੰਡੇ ਹੌਕੇ ਭਰਦੈ ਲੋਕੀਚਾਰਾ ਖੜਾ-ਖੜਾ
ਭੱਠੀਓਂ ਦਾਣੇ ਲਈਏ ਭੁਨਾਅ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . .
ਘੋਟਣਾ ਬਈ ਸੋਟਣਾ ਘੰਮ-ਘੰਮ ਚਲੇਂਦਾ ਏ
ਵਕਤ ਸਪੇਰਾ ਹਰ ਵੇਲੇ ਇੱਕ ਬੀਨ ਵਜੇਂਦਾ ਏ
ਛੰਮ-ਛੰਮ ਨੱਚ ਵਿਖਾਈਏ ਆ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . .
ਖਿੜਿਆ ਹੋਇਆ ਹਰ ਵੇਲੇ ਹੈ ਫੁੱਲ ਮਧਾਣੀ ਦਾ
ਸੁਨਹਿਰੀ ਮੋੜ ਆ ਗਿਆ ਪ੍ਰੇਮ-ਕਹਾਣੀ ਦਾ
ਵੱਖਰਾ ਕੋਠਾ ਲਈਏ ਪਾ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . .
ਸਾਂਝੇ ਸੁਪਨੇ ਅੱਖੀਆਂ ਅੰਦਰ ਗੋਤੇ ਖਾਂਵਦੇ
ਰਾਤ ਹਨੇਰੀ ਸਾਰੇ ਤਾਰੇ ਟਿਮਟਿਮਾਂਵਦੇ
ਨਵਾਂ ਕੋਈ ਚੰਨ ਚੜ੍ਹਾਈਏ ਆ
ਮੇਰੇ ਹੱਥੀਂ ਹੱਥ ਫੜਾ . . . . .
ਤਿੱਤੀਰੀਆਂ ਭੰਬੀਰੀਆਂ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦੧੭੩੧੨