#ਧੀਆਂ ਰਾਣੀਆਂ
✍
★ #ਧੀਆਂ ਰਾਣੀਆਂ ★
ਸੂਰਜ ਲੱਭਦਾ ਚੰਨ ਗੁਆਚਾ
ਤੁਰ ਗਿਆ ਕਿੱਧਰੇ ਲਾਮ ਨੂੰ
ਜਿੰਦ ਨਿਮਾਣੀ ਪਈ ਭੜੋਲੇ
ਲੱਭਦੀ ਇਕ ਸਤਿਨਾਮ ਨੂੰ
ਕਿਹੜੀ ਰੁੱਤੇ ਬਦਲੀ ਛਾਈ
ਗੜ੍ਹੇ ਵਰ੍ਹੇਂਦੇ ਸ਼ਾਮ ਨੂੰ
ਕਣਕਾਂ ਉਸਰੀਆਂ ਨਾ
ਧੀਆਂ ਵਿਸਰੀਆਂ ਨਾ . . . !
ਕਾਣੀ ਕੌਡੀ ਰੂੜੀ ਸਿੱਟੀ
ਪੱਲੇ ਨਾ ਧੇਲਾ ਲੋਭ ਦਾ
ਕੱਪੜੇ ਲੀੜੇ ਤਨ ਦੇ ਬੇਲੀ
ਪੈਰੀਂ ਖੁੱਸਾ ਸੋਭਦਾ
ਵਿਛੋੜੇ ਵਾਲੀ ਡੰਡੀ ਫੜ ਕੇ
ਸੱਚ ਅੱਖਾਂ ਨੂੰ ਚੋਭਦਾ
ਧੀਆਂ ਦੂਰ ਗੁਈਆਂ
ਚੁਲ੍ਹਿਓਂ ਤੰਦੂਰ ਗਈਆਂ . . . !
ਭੋਰਾ ਭੈਅ ਨਾ ਲਿਸ਼ਕਦਾ
ਭਾਅ ਹਵਾ ਦੇ ਘੋੜੇ ਨੇ
ਸੁਆਦਾਂ ਪੱਟੀ ਅੱਜ ਲੁਕਾਈ
ਅਰਥ ਸੱਚ ਦੇ ਕੌੜੇ ਨੇ
ਗੁਣਾਂ ਦੀ ਗੁਥਲੀ ਢਹਿ ਪਈ
ਰਾਹ ਰਸਮਾਂ ਦੇ ਸੌੜੇ ਨੇ
ਮੰਡੀਆਂ ਸੱਜ ਰਹੀਆਂ ਨੇ
ਧੀਆਂ ਕੱਜ ਰਹੀਆਂ ਨੇ . . . !
ਵਤਨੀਂ ਪਰਤੇ ਵਤਨਾਂ ਵਾਲੇ
ਖੇਡੀ ਵਣਜ ਵਣਜਾਰਿਆਂ
ਬੁੱਕ ਵਿੱਚ ਭਰ ਕੇ ਡਕ ਡਕ ਪੀਤਾ
ਪੀਤਾ ਦੁੱਧ ਅਸਾਂ ਸਾਰਿਆਂ
ਮਾਂਵਾਂ ਧੀਆਂ ਇੱਕੋ ਗੁੜ੍ਹਤੀ
ਇੱਕੋ ਹੁਲੇ ਹੁਲਾਰਿਆਂ
ਮਾਂਵਾਂ ਹੱਸ ਰਹੀਆਂ ਨੇ
ਧੀਆਂ ਵੱਸ ਰਹੀਆਂ ਨੇ . . . !
ਖੱਲ ਵੜੇਵੇਂ ਤੂੜੀ ਨਿਕ ਸੁਕ
ਆਥਣ ਸਾਝਰੇ ਖੁਰਲੀਆਂ
ਮੱਝੀਆਂ ਗਾਈਆਂ ਡੰਗਰ ਲਵੇਰੇ
ਵਿਹੜੇ ਵੱਜਣ ਮੁਰਲੀਆਂ
ਸਿਰ ਤੇ ਕੁੱਲੇ ਵਾਲੀ ਪੱਗ
ਪੱਗ ਦੇ ਉੱਪਰ ਤੁਰਲੀਆਂ
ਧੀਆਂ ਧਿਆਣੀਆਂ ਵੀ ਨੇ
ਸੁੱਖੀਂ ਸਾਂਦੀ ਰਾਣੀਆਂ ਵੀ ਨੇ . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨