#ਗਲਵਕੜੀ ਦੀ ਸਿੱਕ
✍️
{ ਇਕ ਪੁਰਾਣੀ ਡਾਇਰੀ ਦੇ ਕੁੱਝ ਪੰਨੇ ਮਿਲੇ ਹਨ ਜਿਨ੍ਹਾਂ ਵਿਚ ੧੯੭੦ ਦੇ ਕਿਸੇ ਵੇਲੇ ਲਿੱਖੀਆਂ ਇਹ ਪੰਕਤੀਆਂ ਤੁਹਾਡੀ ਮੁਹੱਬਤ ਮੰਗਦੀਆਂ ਹਨ }
★ #ਗਲਵਕੜੀ ਦੀ ਸਿੱਕ ★
ਅਜਨਬੀ ਰਾਹਾਂ
ਅਨਜਾਨ ਰਾਹੀ
ਕਾਲੀਆਂ ਕਲਮਾਂ
ਰੱਤੀ ਸਿਆਹੀ
ਫੁੱਲਾਂ ਦੇ ਨਾਲ ਕੰਡਿਆਂ ਦਾ
ਗਿਲਾ ਨਾ ਕਰੋ
ਕੰਡਿਆਂ ਨਾਲ ਹੀ ਹੁੰਦੇ ਨੇ ਫੁੱਲ
ਹੱਸ ਕੇ ਦਰਦ ਸਹੋ
ਅਰਸ਼ਾਂ ‘ਤੇ ਲਿੱਖੋ
ਨਾਂਵਾਂ ਇਕ ਅਕਾਸ਼ ਦਾ
ਅਵਾਜ਼ ਇੰਜ ਦਿਓ ਵਕਤ ਨੂੰ
ਪਤਾ ਨਾ ਲੱਗੇ ਗਲੇ ਦੀ ਖਰਾਸ਼ ਦਾ
ਪ੍ਰਸ਼ਨਾਂ ਦਾ ਉੱਤਰ ਭਾਲਦੇ
ਪ੍ਰਸ਼ਨਚਿਨ੍ਹ ਨਾ ਬਣ ਜਾਓ
ਤੁਰਨ ਤੋਂ ਪਹਿਲਾਂ ਦੋਸਤੋ
ਹਰ ਜ਼ਬਾਨ ‘ਤੇ ਇਕ ਬਿਆਨ ਧਰ ਜਾਓ
ਭੁੱਖੀਆਂ ਫਿਰਨ ਖਲਕਤਾਂ
ਰੋਟੀਆਂ ਨੇ ਮਹਿੰਗੀਆਂ
ਇਹ ਕਹਾਰ ਕਿਹੜੇ ਮੁਲਕ ਦੇ
ਜਿਨ੍ਹਾਂ ਭਰੀਆਂ ਚੁੱਕੀਆਂ ਵਹਿੰਗੀਆਂ
ਵਹਿੰਦੇ ਦਰਿਆ ‘ਚ
ਕੀ ਮਿਲੇ ਕਿਸਮਤ ਦੀ ਲਕੀਰ
ਵਿਕਾਊ ਜ਼ਮੀਰਾਂ
ਮੁੱਲ ਜ਼ਮੀਰ
ਹਰ ਕੋਈ ਆਪਾ ਵੇਚ ਕੇ
ਹੋਇਆ ਹੈ ਸੁਰਖਰੂ
ਕੀਮਤ ਕਿੰਨੀ ਕੁ ਰਖਦੀ ਹੈ
ਗਰੀਬ ਦੀ ਆਬਰੂ
ਜ਼ੁਲਮ ਦੀ ਕਹਾਣੀ
ਕਾਗਜ਼ ਦੀ ਹਿੱਕ
ਸੀਨੇ ‘ਤੇ ਜ਼ਖਮ
ਗਲਵਕੜੀ ਦੀ ਸਿੱਕ
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨