#ਇੱਕ ਨਾਲ ਇੱਕ ਰਲਸੀ ਫਿਰ ਵੀ ਇੱਕ ਹੋਸੀ
✍️
★#ਇੱਕ ਨਾਲ ਇੱਕ ਰਲਸੀ ਫਿਰ ਵੀ ਇੱਕ ਹੋਸੀ★
ਇੰਜ ਕਰਸੀ ਤੇ ਉਂਜ ਕਰਸੀ
ਮੇਰਾ ਹੱਥ ਹੱਥਾਂ ਦੇ ਵਿੱਚ ਫੜਸੀ
ਕੋਈ ਵੱਖਰਾ ਮੇਰਾ ਨਾਂਅ ਧਰਸੀ
ਦਿਲ ਦੇ ਹਨੇਰੇ ਘਰ ਅੰਦਰ
ਬਣ ਦੀਪਕ ਕਰਸੀ ਉਜਿਯਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ . . . . .
ਮੇਰੇ ਸਾਹ ਹੋਸਣ ਉਹਦੀ ਹਿੱਕ ਹੋਸੀ
ਸਾਡੀ ਵੱਖਰੀ ਕੋਈ ਦਿੱਖ ਹੋਸੀ
ਇੱਕ ਨਾਲ ਇੱਕ ਰਲਸੀ ਫਿਰ ਵੀ ਇੱਕ ਹੋਸੀ
ਬੰਦ ਅੱਖੀਆਂ ਰਾਹੀਂ ਧੁਰ ਤੱਕ ਵੱਜਸੀ
ਪ੍ਰੇਮ ਦਾ ਇੱਕੋ-ਇੱਕ ਖੜਤਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ . . . . .
ਆਉਂਦਾ ਦਿੱਸੇ ਮੈਂ ਛੁੱਪ ਜਾਵਾਂ
ਮੈਂਨੂੰ ਲੱਭ ਸਕੇ ਉਹਦਾ ਨਾਂਅ ਗਾਵਾਂ
ਉਹ ਪਿੱਠ ਕਰੇ ਮੈਂ ਥੱਪ ਲਾਵਾਂ
ਖੇਡਾਂ ਖੇਡਣ ਦਾ ਚਾਅ ਮੇਰਾ
ਬੁੱਝਸੀ ਆਪ ਬੁਝਾਰਤਾਂ ਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ . . . . .
ਪਖੇਰੂ ਉੱਡਦੇ ਬਣ ਕੇ ਡਾਰ ਜਿਵੇਂ
ਬੱਦਲਾਂ ਤੇ ਮੋਰ ਦਾ ਪਿਆਰ ਜਿਵੇਂ
ਮਨ ਵਿੱਚ ਗੁਰੂਆਂ ਦਾ ਸਤਿਕਾਰ ਜਿਵੇਂ
ਮੇਰੇ ਰੋਮ ਰੋਮ ਵਿੱਚ ਰਾਮ ਵਸੇਂਦਾ
ਤੱਕਸੀ ਦੂਜੇ ਜੁਗ ਦਾ ਗੋਪਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ . . . . .
ਮੈਂ ਇੰਜ ਕਰਸਾਂ ਤੇ ਉਂਜ ਕਰਸਾਂ
ਉਹਦੇ ਹੱਥਾਂ ਵਿੱਚ ਮੁਰਲੀ ਬਣਸਾਂ
ਜਿਸ ਤਰ੍ਹਾਂ ਵਜਾਸੀ ਉਂਜ ਵੱਜਸਾਂ
ਇਸ ਲੋਕ ਤੋਂ ਉਸ ਲੋਕ ਤੱਕ
ਛਿੜਸੀ ਰਾਗ ਕੋਈ ਮਤਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ
ਜਦ ਆਉਸੀ ਮੇਰਾ ਸ਼ਾਮ ਬੰਸਰੀ ਵਾਲਾ . . . . . !
#ਵੇਦਪ੍ਰਕਾਸ਼ ਲਾਂਬਾ
ਯਮੁਨਾਨਗਰ (ਹਰਿਆਣਾ)
੯੪੬੬੦-੧੭੩੧੨